ਝੋਨੇ ਦੇ ਉਤਪਾਦਨ 'ਚ ਸਰਵੋਤਮ ਕਾਰਗੁਜ਼ਾਰੀ ਲਈ 'ਕ੍ਰਿਸ਼ੀ ਕਰਮਨ ਐਵਾਰਡ' ਵਾਸਤੇ ਪੰਜਾਬ ਦੀ ਚੋਣ , ਮੁੱਖ ਮੰਤਰੀ ਨੇ ਕੀਤੀ ਸ਼ਲਾਘਾ

By  Shanker Badra September 18th 2019 08:06 PM

ਝੋਨੇ ਦੇ ਉਤਪਾਦਨ 'ਚ ਸਰਵੋਤਮ ਕਾਰਗੁਜ਼ਾਰੀ ਲਈ 'ਕ੍ਰਿਸ਼ੀ ਕਰਮਨ ਐਵਾਰਡ' ਵਾਸਤੇ ਪੰਜਾਬ ਦੀ ਚੋਣ , ਮੁੱਖ ਮੰਤਰੀ ਨੇ ਕੀਤੀ ਸ਼ਲਾਘਾ:ਚੰਡੀਗੜ੍ਹ : ਭਾਰਤ ਸਰਕਾਰ ਵੱਲੋਂ ਝੋਨੇ ਦੇ ਉਤਪਾਦਨ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸੂਬੇ ਵਜੋਂ ਪੰਜਾਬ ਦੀ ਚੋਣ 'ਕ੍ਰਿਸ਼ੀ ਕਰਮਨ ਐਵਾਰਡ, 2017-18' ਲਈ ਕਰਨ 'ਤੇ ਇਸ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦੀ ਵੱਡੀ ਪ੍ਰਾਪਤੀ ਦੱਸਿਆ।ਮੁੱਖ ਮੰਤਰੀ ਨੇ ਪੰਜਾਬ ਦੀ ਚੋਣ ਦਾ ਸਿਹਰਾ ਸੂਬੇ ਦੇ ਕਿਸਾਨ ਭਾਈਚਾਰੇ ਦੀ ਸਖ਼ਤ ਮਿਹਨਤ-ਮੁਸ਼ੱਕਤ ਅਤੇ ਕਾਬਲੀਅਤ ਦੇ ਸਿਰ ਬੰਨ੍ਹਿਆ ਜਿਨ੍ਹਾਂ ਨੇ ਅਨਾਜ ਦੀ ਪੈਦਾਵਾਰ ਵਿੱਚ ਮੁਲਕ ਨੂੰ ਸਵੈ-ਨਿਰਭਰ ਬਣਾਉਣ ਲਈ ਕਾਰਗਰ ਭੂਮਿਕਾ ਨਿਭਾਈ। ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਇਸ ਮਾਣਮੱਤੇ ਐਵਾਰਡ ਵਿੱਚ ਇੱਕ ਟਰਾਫੀ, ਸ਼ਲਾਘਾ ਪੱਤਰ ਅਤੇ 2 ਕਰੋੜ ਰੁਪਏ ਦੀ ਨਗਦ ਰਾਸ਼ੀ ਸ਼ਾਮਲ ਹੈ।

ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਸੂਬਾ ਸਰਕਾਰ ਨੂੰ ਭੇਜੇ ਇਕ ਪੱਤਰ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸਾਲ 2017-18 ਲਈ ਝੋਨੇ ਦੇ ਉਤਪਾਦਨ ਦੀ ਸ਼੍ਰੇਣੀ ਵਿੱਚ ਪੰਜਾਬ ਦੀ ਚੋਣ 'ਕ੍ਰਿਸ਼ੀ ਕਰਮਨ ਐਵਾਰਡ' ਲਈ ਕੀਤੀ ਜਾਂਦੀ ਹੈ। ਮੰਤਰਾਲੇ ਨੇ ਕਿਸਾਨਾਂ ਨੂੰ ਤਕਨਾਲੋਜੀ ਨਾਲ ਜੁੜੀਆਂ ਸੁਵਿਧਾਵਾਂ ਅਤੇ ਹੋਰ ਸੇਵਾਵਾਂ ਦੇਣ ਵਿੱਚ ਕੀਤੇ ਸਮਰਪਿਤ ਉਪਰਾਲਿਆਂ ਲਈ ਸੂਬਾ ਸਰਕਾਰ ਨੂੰ ਵਧਾਈ ਦਿੱਤੀ ਜਿਸ ਸਦਕਾ ਇਹ ਸ਼ਾਨਦਾਰ ਪ੍ਰਾਪਤੀ ਸੂਬੇ ਦੇ ਹਿੱਸੇ ਆਈ ਹੈ।

ਕੇਂਦਰੀ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਝੋਨੇ ਦਾ ਉਤਪਾਦਨ ਕਰਨ ਵਾਲੇ ਦੋ ਕਿਸਾਨਾਂ ਦੀ ਵੀ ਚੋਣ ਕਰਨ ਲਈ ਆਖਿਆ ਜਿਨ੍ਹਾਂ ਨੇ ਸੂਬੇ ਦੇ ਅਨਾਜ ਭੰਡਾਰ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਇਨ੍ਹਾਂ ਕਿਸਾਨਾਂ ਦੀ ਚੋਣ ਝੋਨੇ ਦੇ ਉਤਪਾਦਨ ਅਤੇ ਅਗਾਂਹਵਧੂ ਤੇ ਨਿਵੇਕਲੀ ਪਹੁੰਚ ਰਾਹੀਂ ਪਾਏ ਯੋਗਦਾਨ ਦੇ ਅਧਾਰ 'ਤੇ ਕੀਤੀ ਜਾਵੇਗੀ। ਚੁਣੇ ਗਏ ਕਿਸਾਨਾਂ ਨੂੰ ਪ੍ਰਸੰਸਾ ਪੱਤਰ ਸਮੇਤ 2 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸੇ ਦੌਰਾਨ ਸੂਬੇ ਦੇ ਖੇਤੀਬਾੜੀ ਸਕੱਤਰ ਕੇ.ਐਸ. ਪੰਨੂੰ ਨੇ ਦੱਸਿਆ ਕਿ ਸਾਉਣੀ 2017 ਵਿੱਚ ਝੋਨੇ ਹੇਠ 30.64 ਲੱਖ ਹੈਕਟੇਅਰ ਰਕਬਾ ਸੀ ਅਤੇ 199.65 ਲੱਖ ਮੀਟਰਿਕ ਟਨ ਰਿਕਾਰਡ ਪੈਦਾਵਾਰ ਹੋਈ ਜੋ 65.16 ਕੁਇੰਟਲ ਪ੍ਰਤੀ ਹੈਕਟੇਅਰ ਬਣਦੀ ਹੈ ਅਤੇ ਇਹ ਉਤਪਾਦਨ ਸਾਲ 2016 ਦੇ ਮੁਕਾਬਲੇ 6 ਫੀਸਦੀ ਜ਼ਿਆਦਾ ਸੀ ਕਿਉਂ ਜੋ ਇਸ ਸਾਲ ਝੋਨੇ ਦੀ 189 ਲੱਖ ਮੀਟਰਿਕ ਟਨ ਪੈਦਾਵਾਰ ਹੋਈ ਸੀ।

-PTCNews

Related Post