ਕੈਪਟਨ ਵੱਲੋਂ ਕਰਫਿਊ ਦੇ ਮੱਦੇਨਜ਼ਰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਸ਼ਹਿਦ ਅਤੇ ਹੋਰ ਸਬੰਧਤ ਉਤਪਾਦ ਲਿਜਾਣ ਦੀ ਇਜਾਜ਼ਤ

By  Shanker Badra April 6th 2020 08:16 PM

ਕੈਪਟਨ ਵੱਲੋਂ ਕਰਫਿਊ ਦੇ ਮੱਦੇਨਜ਼ਰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਸ਼ਹਿਦ ਅਤੇ ਹੋਰ ਸਬੰਧਤ ਉਤਪਾਦ ਲਿਜਾਣ ਦੀ ਇਜਾਜ਼ਤ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ-19 ਕਾਰਨ ਕਰਫਿਊ /ਲੌਕਡਾਊਨ ਦੇ ਮੱਦੇਨਜ਼ਰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਸ਼ਹਿਦ ਅਤੇ ਹੋਰ ਸਬੰਧਤ ਉਤਪਾਦ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਜਾਂ ਦੂਜੇ ਸੂਬਿਆਂ ਵਿੱਚ ਲਿਜਾਣ ਦੀ ਆਗਿਆ ਦੇਣ ਦੇ ਹੁਕਮ ਦਿੱਤੇ। ਇਹ ਹੁਕਮ ਕੌਮੀ ਮਧੂ ਮੱਖੀ ਬੋਰਡ ਵੱਲੋਂ 28 ਮਾਰਚ ਨੂੰ ਸੂਬੇ ਨੂੰ ਜਾਰੀ ਕੀਤੀ ਐਡਵਾਈਜ਼ਰੀ ਦੀ ਲੀਹ ’ਤੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮੁਲਕ ਵਿੱਚੋਂ ਬਰਾਮਦ ਕੀਤੇ ਜਾਂਦੇ ਸ਼ਹਿਦ ਵਿੱਚ ਪੰਜਾਬ 50 ਫੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਦ ਦੀਆਂ ਮੱਖੀਆਂ ਅਤੇ ਰੇਸ਼ਮੀ ਕੀੜਿਆਂ ਦੀ ਦੁਰਦਸ਼ਾ ’ਤੇ ਚਿੰਤਾ ਜ਼ਾਹਰ ਕੀਤੀ ਜੋ ਜੀਵਤ ਜੀਵ ਹਨ ਅਤੇ ਉਨਾਂ ਨੂੰ ਨਿਰੰਤਰ ਦੇਖਭਾਲ ਦੀ ਲੋੜ ਹੈ। ਉਨਾਂ ਕਿਹਾ ਕਿ ਇਨਾਂ ਦੀ ਸੁਰੱਖਿਆ ਅਤੇ ਸ਼ਹਿਦ ਦੀਆਂ ਮੱਖੀ ਪਾਲਣ ਦੇ ਕਾਰੋਬਾਰ ਨੂੰ ਬਚਾਉਣ ਲਈ ਫੌਰੀ ਕਦਮ ਚੁੱਕਣ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਜਿਨਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਨੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੂੰ ਇਸ ਸਬੰਧ ਵਿੱਚ ਐਡਵਾਈਜ਼ਰੀ ਜਾਰੀ ਕਰਨ ਦੀ ਹਦਾਇਤ ਕੀਤੀ ਤਾਂ ਕਿ ਇਨਾਂ ਔਖੇ ਸਮਿਆਂ ਵਿੱਚ ਸੂਬਾ ਭਰ ਵਿੱਚ ਮਧੂ ਮੱਖੀ ਪਾਲਕਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕੀਤੀਆਂ ਜਾ ਸਕਣ।

ਵਧੀਕ ਮੁੱਖ ਸਕੱਤਰ (ਵਿਕਾਸ) ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਸਮੂਹ ਡਿਪਟੀ ਕਮਿਸ਼ਨਰ ਕੋਵਿਡ-19 ਕਾਰਨ ਲੱਗੀਆਂ ਬੰਦਿਸ਼ਾਂ ਕਰਕੇ ਸ਼ਹਿਦ ਦੀਆਂ ਮੱਖੀਆਂ ਦੇ ਡੱਬਿਆਂ, ਸ਼ਹਿਦ ਅਤੇ ਹੋਰ ਸਬੰਧਤ ਉਤਪਾਦਾਂ ਨੂੰ ਇਕ ਜ਼ਿਲੇ ਤੋਂ ਦੂਜੇ ਜ਼ਿਲਿਆਂ ਜਾਂ ਸੂਬਿਆਂ ਵਿੱਚ ਲਿਜਾਣ ਦੀ ਆਗਿਆ ਦੇਣ ਲਈ ਲੋੜੀਂਦੇ ਕਦਮਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਮਧੂ ਮੱਖੀ ਪਾਲਕਾਂ ਦੀ ਮਦਦ ਹੋ ਸਕੇ।ਐਡਵਾਈਜ਼ਰੀ ਮੁਤਾਬਕ ਇਸ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ, ਮਾਸਕ ਦੀ ਵਰਤੋਂ, ਹੱਥ ਧੋਣ ਆਦਿ ਸਮੇਤ ਤੈਅ ਕੀਤੇ ਪ੍ਰੋਟੋਕੋਲ ਦੀ ਨਿਰੰਤਰ ਅਤੇ ਬਾਰੀਕੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

-PTCNews

Related Post