ਕੈਪਟਨ ਵੱਲੋਂ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਯੁੱਧ ਗ੍ਰਸਤ ਮੁਲਕ ਦੇ ਵਿਕਾਸ ਲਈ ਸਹਿਯੋਗ ਦਾ ਭਰੋਸਾ

By  Shanker Badra September 20th 2018 07:32 PM

ਕੈਪਟਨ ਵੱਲੋਂ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂੰ ਯੁੱਧ ਗ੍ਰਸਤ ਮੁਲਕ ਦੇ ਵਿਕਾਸ ਲਈ ਸਹਿਯੋਗ ਦਾ ਭਰੋਸਾ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਯੁੱਧਗ੍ਰਸਤ ਮੁਲਕ ਲਈ ਰਣਨੀਤਿਕ ਸਹਿਯੋਗ ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸਵੇਰ ਦੇ ਨਾਸ਼ਤੇ ਦੀ ਮੀਟਿੰਗ ਦੌਰਾਨ ਕਰਜ਼ਈ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿੱਤਾ।ਕਰਜ਼ਈ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਉਨਾਂ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਅਫਗਾਨਿਸਤਾਨ ਅਤੇ ਪੰਜਾਬ ਦਰਮਿਆਨ ਸੱਭਿਆਚਾਰਕ ਰਿਸ਼ਤਿਆਂ ਦੀ ਗੂੜੀ ਸਾਂਝ ਹੈ ਜਿਸ ਦਾ ਲਾਭ ਖੇਤੀਬਾੜੀ ਤੇ ਬਾਗਬਾਨੀ ਦੇ ਖੇਤਰਾਂ ਵਿੱਚ ਤਕਨੀਕੀ ਗਿਆਨ ਦੇ ਆਦਾਨ-ਪ੍ਰਦਾਨ ਅਤੇ ਆਪਸੀ ਮਿਲਵਰਤਣ ਰਾਹੀਂ ਹੋ ਸਕਦਾ ਹੈ।

ਮਹਿਮਾਨ ਸ਼ਖਸੀਅਤ ਨੇ ਅਫਗਾਨਿਸਤਾਨ ਤੇ ਭਾਰਤ ਖਾਸ ਕਰਕੇ ਪੰਜਾਬ ਦਰਮਿਆਨ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਰਵਾਇਤੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਫਗਾਨਿਸਤਾਨ ਅਤੇ ਭਾਰਤ ਦਰਮਿਆਨ ਦੋਸਤਾਨਾ ਅਤੇ ਨਿੱਘੇ ਰਿਸ਼ਤਿਆਂ ਦੀ ਸਾਂਝ ਹੈ ਅਤੇ ਪੰਜਾਬ ਨੂੰ ਅਫਗਾਨਿਸਤਾਨ ਦੇ ਵਿਕਾਸ ਵਿੱਚ ਹਰ ਸੰਭਵ ਸਹਿਯੋਗ ਦੇਣ ਵਿੱਚ ਖੁਸ਼ੀ ਹੋਵੇਗੀ।

ਮੁੱਖ ਮੰਤਰੀ ਨੇ ਪਿਆਰ ਤੇ ਸਨੇਹ ਵਜੋਂ ਉਨਾਂ ਵੱਲੋਂ ਲਿਖੀਆਂ ਕਿਤਾਬਾਂ ਦਾ ਇਕ ਸੈੱਟ ਅਤੇ ਇਕ ਸ਼ਾਲ ਕਰਜ਼ਈ ਨੂੰ ਭੇਟ ਕੀਤਾ।ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਆਪਣੀ ਅਗਲੀ ਫੇਰੀ ਦੌਰਾਨ ਪਟਿਆਲਾ ਆਉਣ ਤੇ ਇਸ ਇਤਿਹਾਸਕ ਸ਼ਹਿਰ ਦੇ ਅਮੀਰ ਵਿਰਸੇ ਨੂੰ ਦੇਖਣ ਦਾ ਵੀ ਸੱਦਾ ਦਿੱਤਾ।

-PTCNews

Related Post