ਕੈਪਟਨ ਨੇ ਅੰਮ੍ਰਿਤਸਰ ਵਿੱਚ ਜਨਰਲ ਐਲਾਰਡ ਦਾ ਬੁੱਤ ਸਥਾਪਤ ਕਰਨ ਲਈ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਰੂਪ-ਰੇਖਾ ਉਲੀਕਣ ਲਈ ਕਿਹਾ

By  Shanker Badra October 11th 2018 04:58 PM

ਕੈਪਟਨ ਨੇ ਅੰਮ੍ਰਿਤਸਰ ਵਿੱਚ ਜਨਰਲ ਐਲਾਰਡ ਦਾ ਬੁੱਤ ਸਥਾਪਤ ਕਰਨ ਲਈ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਰੂਪ-ਰੇਖਾ ਉਲੀਕਣ ਲਈ ਕਿਹਾ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਸੈਨਾ ‘ਫੌਜ-ਏ-ਖਾਸ’ ਦੇ ਮੁਖੀ ਫਰੈਂਕੋਇਸ ਐਲਾਰਡ ਦਾ ਬੁੱਤ ਅੰਮ੍ਰਿਤਸਰ ਵਿੱਚ ਸਥਾਪਤ ਕਰਨ ਲਈ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਹਨ।ਮੁੱਖ ਮੰਤਰੀ ਨੇ ਇਹ ਹਦਾਇਤਾਂ ਸੈਂਟ-ਟ੍ਰੋਪੇਜ਼ ਦੇ ਡਿਪਟੀ ਮੇਅਰ ਦੇ ਹੈਨਰੀ ਪ੍ਰੀਵੋਸਟ ਐਲਾਰਡ ਜੋ ਜਨਰਲ ਫਰੈਂਕੋਇਸ ਐਲਾਰਡ ਦੇ ਪਰਿਵਾਰ ਵਿੱਚੋਂ ਹਨ, ਦੀ ਅਗਵਾਈ ਵਿੱਚ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਦਿੱਤੀਆਂ।ਦੱਸਣਯੋਗ ਹੈ ਕਿ ਹੈਨਰੀ ਐਲਾਰਡ, ਜਨਰਲ ਐਲਾਰਡ ਦੀ ਚੌਥੀ ਪੀੜੀ ਵਿੱਚੋਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਮਰਹੂਮ ਜਨਰਲ ਐਲਾਰਡ ਦੀ ਬਹਾਦਰੀ ਬਾਰੇ ਨੌਜਵਾਨਾਂ ਨੂੰ ਜਾਣੰੂ ਕਰਵਾਉਣ ਵਿੱਚ ਸਹਾਈ ਹੋਵੇਗਾ।ਉਨਾਂ ਕਿਹਾ ਕਿ ਇਹ ਬੁੱਤ ਮਹਾਨ ਫੌਜੀ ਰਣਨੀਤੀਕਾਰ ਨੂੰ ਸ਼ਰਧਾਂਜਲੀ ਹੋਵੇਗਾ ਅਤੇ ਫਰਾਂਸ ਅਤੇ ਭਾਰਤ ਦੇ ਨਾਲ-ਨਾਲ ਸੇਂਟ-ਟ੍ਰੋਪੇਜ਼ ਅਤੇ ਪੰਜਾਬ ਦਰਮਿਆਨ ਮੋਹ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ।ਵਫ਼ਦ ਨੇ ਮੁੱਖ ਮੰਤਰੀ ਨੂੰ ਅਗਲੇ ਸਾਲ ਜੂਨ ਮਹੀਨੇ ਵਿੱਚ ਸੇਂਟ-ਟ੍ਰੋਪੇਜ਼ ਵਿਖੇ ਭਾਰਤ-ਫਰਾਂਸ ਫੌਜੀ ਇਤਿਹਾਸ ਦੀ ਅਮੀਰ ਵਿਰਾਸਤ ਦੇ ਪਾਸਾਰ ਲਈ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ।ਕੈਪਟਨ ਅਮਰਿੰਦਰ ਸਿੰਘ ਨੇ ਇਸ ਸੱਦੇ ਲਈ ਵਫ਼ਦ ਦਾ ਧੰਨਵਾਦ ਕਰਦਿਆਂ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੁਝੇਵੇਂ ਹੋਣ ਕਾਰਨ ਸ਼ਾਮਲ ਹੋਣ ਤੋਂ ਅਸਮਰਥਾ ਜ਼ਾਹਰ ਕੀਤੀ।

ਵਫ਼ਦ ਦੀ ਅਪੀਲ ਪ੍ਰਤੀ ਹੁੰਗਾਰਾ ਭਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਲਾਨਾ ਸਮਾਗਮ ਦੇ ਰਸਮੀ ਐਲਾਨ ਲਈ ਇਸ ਸਾਲ ਦਸੰਬਰ ਮਹੀਨੇ ’ਚ ਦਿੱਲੀ ਵਿਖੇ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ।

ਮੁੱਖ ਮੰਤਰੀ ਨੇ ਵਫ਼ਦ ਮੈਂਬਰਾਂ ਨੂੰ ਆਪਣੀ ਕਿਤਾਬ ‘ਦਾ ਲਾਸਟ ਸਨਸੈੱਟ’ ਭੇਟ ਕੀਤੀ। ਇਹ ਕਿਤਾਬ ਸਿੱਖ ਰਾਜ ਦੇ ਉਤਰਾਅ-ਚੜਾਅ ਦੇ ਬਿਰਤਾਂਤ ਤੋਂ ਇਲਾਵਾ ਐਂਗਲੋ-ਸਿੱਖ ਯੁੱਧਾਂ ਅਤੇ ਮਹਾਰਾਜਾ ਦਲੀਪ ਸਿੰਘ ਦੀ ਜਲਾਵਤਨੀ ਦੀਆਂ ਘਟਨਾਵਾਂ ’ਤੇ ਅਧਾਰਿਤ ਹੈ।ਉਨਾਂ ਨੇ ਵਫ਼ਦ ਨੂੰ ਫਰਾਂਸ ਦੇ ਨੌਜਵਾਨਾਂ ਨੂੰ ਵੀ ਇਸ ਗੱਲ ਪ੍ਰਤੀ ਜਾਗਰੂਕ ਕਰਨ ਲਈ ਆਖਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤਿਆਰ ਕਰਨ ਵਿੱਚ ਜਨਰਲ ਐਲਾਰਡ ਨੂੰ ਉਨਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਅਤੇ ਲਾਮਿਸਾਲ ਯੋਗਦਾਨ ਸਦਕਾ ਉਨਾਂ ਨੂੰ ਪੰਜਾਬੀ ਕਿੰਨਾ ਸਤਿਕਾਰ ਦਿੰਦੇ ਹਨ ਜਿਸ ਨਾਲ ਵਿਸ਼ਾਲ ਸਿੱਖ ਰਾਜ ਦੀ ਸਿਰਜਣਾ ਸੰਭਵ ਹੋਈ।

ਇਹ ਜ਼ਿਕਰਯੋਗ ਹੈ ਕਿ ਦੋਵੇਂ ਪਾਸੇ ਸਦਭਾਵਨਾ, ਸਨੇਹ ਅਤੇ ਦੋਸਤਾਨਾ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਸਾਲ 2016 ਵਿੱਚ ਜਨਰਲ ਐਲਾਰਡ ਦੇ ਜਨਮ ਸਥਾਨ ਸੇਂਟ-ਟ੍ਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਸੀ।ਇਸ ਮੌਕੇ ਮੁੱਖ ਮੰਤਰੀ ਨਾਲ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।

-PTCNews

Related Post