ਕੈਪਟਨ ਵੱਲੋਂ ਗੰਨੇ ਦੀ ਅਦਾਇਗੀ ਤੇ ਬਿਜਲੀ ਸਬਸਿਡੀ ਸਮੇਤ ਬਕਾਏ ਦੇ ਨਿਪਟਾਰੇ ਲਈ 391 ਕਰੋੜ ਰੁਪਏ ਜਾਰੀ

By  Shanker Badra August 10th 2018 06:21 PM

ਕੈਪਟਨ ਵੱਲੋਂ ਗੰਨੇ ਦੀ ਅਦਾਇਗੀ ਤੇ ਬਿਜਲੀ ਸਬਸਿਡੀ ਸਮੇਤ ਬਕਾਏ ਦੇ ਨਿਪਟਾਰੇ ਲਈ 391 ਕਰੋੜ ਰੁਪਏ ਜਾਰੀ:ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਲਈ ਗੰਨੇ ਦੇ ਬਕਾਏ ਅਤੇ ਬਿਜਲੀ ਸਬਸਿਡੀ ਸਮੇਤ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਵਿਕਾਸ ਸਕੀਮਾਂ ਦੇ ਬਕਾਏ ਦੀ ਅਦਾਇਗੀ ਲਈ ਹੋਰ 391 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।ਇਕ ਸਰਕਾਰੀ ਬੁਲਾਰੇ ਮੁਤਾਬਕ ਖੇਤੀਬਾੜੀ 'ਤੇ ਬਿਜਲੀ ਸਬਸਿਡੀ ਲਈ ਪਾਵਰਕਾਮ ਨੂੰ 200 ਕਰੋੜ ਰੁਪਏ ਜਦਕਿ ਕਿਸਾਂਨਾਂ ਦੇ ਗੰਨੇ ਦੇ ਬਕਾਏ ਦੇ ਭੁਗਤਾਨ ਲਈ 35 ਕਰੋੜ ਰੁਪਏ ਸ਼ੂਗਰਫੈਡ ਨੂੰ ਦੇਣ ਵਾਸਤੇ ਸਹਿਕਾਰਿਤਾ ਵਿਭਾਗ ਨੂੰ ਜਾਰੀ ਕਰ ਦਿੱਤੇ ਹਨ।

ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਲਾਭਪਾਤਰੀਆਂ ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਾਸਤੇ 92 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਜਦਕਿ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਬਕਾਏ ਦੇ ਨਿਪਟਾਰੇ ਲਈ ਅਗਲੇ ਕੁਝ ਦਿਨਾਂ ਵਿੱਚ ਹੋਰ 45 ਕਰੋੜ ਰੁਪਏ ਜਾਰੀ ਕੀਤੇ ਜਾਣੇ ਹਨ।ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਮਨਰੇਗਾ ਲਈ 48 ਕਰੋੜ ਰੁਪਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਨ ਜਦਕਿ ਕੌਮੀ ਸਿਹਤ ਮਿਸ਼ਨ ਦੇ ਸਾਰੇ ਬਕਾਇਆ ਬਿੱਲਾਂ ਦੇ ਨਿਪਟਾਰੇ ਲਈ 16.18 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।

ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਾਰੇ ਪ੍ਰਮੁੱਖ ਖੇਤਰਾਂ ਵਿੱਚ ਵਿਕਾਸ ਦੀ ਗਤੀ ਬਰਕਰਾਰ ਰੱਖਣ ਲਈ ਫੰਡ ਜਾਰੀ ਕੀਤੇ ਗਏ ਹਨ।ਮੁੱਖ ਮੰਤਰੀ ਨੇ ਆਪਣੇ ਪਹਿਲੇ ਹੁਕਮਾਂ ਨੂੰ ਦੁਹਰਾਉਂਦਿਆਂ ਸਾਰੇ ਵਿਭਾਗਾਂ ਨੂੰ ਵਾਧੂ ਖ਼ਰਚਿਆਂ 'ਚ ਕਟੌਤੀ ਕਰ ਕੇ ਸੁਚੱਜਾ ਵਿੱਤੀ ਪ੍ਰਬੰਧਨ ਯਕੀਨੀ ਬਣਾਉਣ ਲਈ ਆਖਿਆ ਹੈ ਤਾਂ ਕਿ ਸੂਬੇ ਦੀ ਮਾਲੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਸੂਬੇ ਦੇ ਵਿੱਤੀ ਸੰਕਟ 'ਚੋ ਉਭਰਨ 'ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਹੋਰ ਕਦਮ ਚੁੱਕਣ ਦਾ ਸੱਦਾ ਦਿੱਤਾ।

-PTCNews

Related Post