ਕੈਪਟਨ ਨੇ ਸਾਲ 2017 ਦੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਬਕਾਇਆ ਮੁਆਵਜ਼ਾ ਰਾਸ਼ੀ ਸਬੰਧੀ ਦਿੱਤੇ ਇਹ ਹੁਕਮ

By  Shanker Badra September 27th 2018 07:42 PM

ਕੈਪਟਨ ਨੇ ਸਾਲ 2017 ਦੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਬਕਾਇਆ ਮੁਆਵਜ਼ਾ ਰਾਸ਼ੀ ਸਬੰਧੀ ਦਿੱਤੇ ਇਹ ਹੁਕਮ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਾਲ 2017 ਦੇ ਹੜਾਂ ਦੌਰਾਨ ਨੁਕਸਾਨ ਝੱਲਣ ਵਾਲੇ ਪ੍ਰਭਾਵਿਤ ਕਿਸਾਨਾਂ ਦਾ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ।ਮਾਲ ਵਿਭਾਗ ਪਾਸੋਂ ਰਾਸ਼ੀ ਪ੍ਰਾਪਤ ਕਰਨ ਦੇ ਬਾਵਜੂਦ ਸਾਲ 2017 ਦਾ ਮੁਆਵਜ਼ਾ ਵੰਡਣ ’ਚ ਡਿਪਟੀ ਕਮਿਸ਼ਨਰਾਂ ਕੋਲੋਂ ਹੋਈ ਦੇਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਇਨਾਂ ਅਧਿਕਾਰੀਆਂ ਪਾਸੋਂ ਸਪੱਸ਼ਟੀਕਰਨ ਮੰਗਣ ਦੀ ਹਦਾਇਤ ਕੀਤੀ।ਹਾਲ ਵਿੱਚ ਪਏ ਭਾਰੀ ਮੀਂਹ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਛੇਤੀ ਜਾਰੀ ਕਰਨ ਸਬੰਧੀ ਰੂਪ-ਰੇਖਾ ਨੂੰ ਅੰਤਮ ਰੂਪ ਦੇਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਉਨਾਂ ਪੰਜ ਪਰਿਵਾਰਾਂ ਨੂੰ 4-4 ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਤੁਰੰਤ ਜਾਰੀ ਹੋ ਜਾਣੀ ਚਾਹੀਦੀ ਹੈ ਜਿਨਾਂ ਦੇ ਜੀਆਂ ਦੀ ਹਾਲ ਹੀ ਵਿੱਚ ਭਾਰੀ ਮੀਂਹ ਪੈਣ ਨਾਲ ਮੌਤ ਹੋ ਗਈ ਸੀ।

ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਹੋਈਆਂ ਪੰਜ ਮੌਤਾਂ ਵਿੱਚੋਂ ਤਰਨ ਤਾਰਨ ਵਿੱਚ ਦੋ ਜਦਕਿ ਅੰਮ੍ਰਿਤਸਰ ,ਹੁਸ਼ਿਆਰਪੁਰ ਅਤੇ ਮੋਗਾ ਵਿੱਚ ਇਕ-ਇਕ ਮੌਤ ਹੋਈ ਹੈ।ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਮੁਆਵਜ਼ਾ ਦਾ ਅਨੁਮਾਨ ਤੇ ਰਾਸ਼ੀ ਜਾਰੀ ਕਰਨ ਲਈ ਤੈਅ ਮਾਪਦੰਡ ਤੇ ਨਿਯਮਾਂ ਨਾਲ ਸਬੰਧਤ ਵਿਸਥਾਰਤ ਦਿਸ਼ਾ-ਨਿਰਦੇਸ਼ ਸਮੂਹ ਫੀਲਡ ਅਧਿਕਾਰੀਆਂ ਨੂੰ ਦੁਬਾਰਾ ਜਾਰੀ ਕੀਤੇ ਜਾਣ ਤਾਂ ਕਿ ਮੁਆਵਜ਼ੇ ਦੀ ਅਦਾਇਗੀ ਸਮੇਂ ਸਿਰ ਕਰਨੀ ਯਕੀਨੀ ਬਣਾਈ ਜਾ ਸਕੇ।

ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਫਸਲਾਂ, ਜਾਇਦਾਦ ਅਤੇ ਪਸ਼ੂਧਨ ਨੂੰ ਪਹੁੰਚੇ ਨੁਕਸਾਨ ਬਾਰੇ ਸਮੁੱਚੇ ਅੰਕੜੇ ਹਾਸਲ ਹੋਣ ਤੋਂ ਬਾਅਦ ਵਿਸਥਾਰਤ ਮੈਮੋਰੰਡਮ ਤਿਆਰ ਕਰਕੇ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾਵੇਗੀ।ਉਨਾਂ ਕਿਹਾ ਕਿ ਫਸਲ ਖਰਾਬ ਹੋਣ ’ਤੇ ਮੁਆਵਜ਼ੇ ਦੀ ਰਾਸ਼ੀ ਜੋ ਪਹਿਲਾਂ 8000 ਰੁਪਏ ਪ੍ਰਤੀ ਏਕੜ ਤੈਅ ਸੀ, ਹੁਣ 12000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣੀ ਚਾਹੀਦੀ ਹੈ।ਬੁਲਾਰੇ ਨੇ ਕਿਹਾ ਕਿ ਨਿਯਮਾਂ ਮੁਤਾਬਕ ਫਸਲ ਨੂੰ 76 ਤੋਂ 100 ਫੀਸਦੀ ਦਰਮਿਆਨ ਨੁਕਸਾਨ ਪਹੁੰਚਣ ’ਤੇ 12000 ਰੁਪਏ ਪ੍ਰਤੀ ਏਕੜ ਮੁਤਾਬਕ ਮੁਆਵਜ਼ਾ ਅਦਾ ਕੀਤਾ ਜਾਵੇਗਾ।ਇਸੇ ਤਰਾਂ 33 ਤੋਂ 75 ਫੀਸਦੀ ਦਰਮਿਆਨ 5400 ਰੁਪਏ ਪ੍ਰਤੀ ਏਕੜ ਅਤੇ 26 ਤੋਂ 32 ਫੀਸਦੀ ਦਰਮਿਆਨ ਨੁਕਸਾਨ ਲਈ 2000 ਰੁਪਏ ਪ੍ਰਤੀ ਏਕੜ ਮੁਆਵਜ਼ਾ ਅਦਾ ਕੀਤਾ ਜਾਵੇਗਾ।ਇਸੇ ਤਰਾਂ ਘਰ ਨੂੰ ਪੂਰੀ ਤਰਾਂ ਜਾਂ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੂਰਤ ਵਿੱਚ 95,100 ਰੁਪਏ ਜਦਕਿ ਕੁਝ ਹਿੱਸੇ ਨੂੰ ਨੁਕਸਾਨ ਹੋਣ ’ਤੇ 5200 ਰੁਪਏ ਦਾ ਮੁਆਵਜ਼ਾ ਅਦਾ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਪਸ਼ੂਧਨ (ਮੱਝ/ਗਾਂ) ਦੇ ਘਾਟੇ ਲਈ 30,000 ਤੋਂ 90,000 ਰੁਪਏ ਦਰਮਿਆਨ ਮੁਆਵਜ਼ਾ ਹੋਵੇਗਾ ਜਦਕਿ ਬੱਕਰੀ, ਭੇਡ ਅਤੇ ਸੂਰ ਲਈ 3000 ਰੁਪਏ ਦੀ ਮੁਆਵਜ਼ਾ ਰਾਸ਼ੀ ਤੈਅ ਹੈ।ਇਸ ਮੌਕੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਿੱਤ ਕਮਿਸ਼ਨਰ ਮਾਲ ਐਮ.ਪੀ. ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ ਹਾਜ਼ਰ ਸਨ।

-PTCNews

Related Post