ਚੰਡੀਗੜ੍ਹ ਦਰਖ਼ਤ ਹਾਦਸਾ: ਕਾਰਮਲ ਕਾਨਵੈਂਟ ਸਕੂਲ ਦੀ ਅਟੈਂਡੰਟ ਨੂੰ ਪੀਜੀਆਈ ਤੋਂ ਮਿਲੀ ਛੁੱਟੀ

By  Jasmeet Singh August 8th 2022 04:38 PM -- Updated: August 8th 2022 04:46 PM

ਚੰਡੀਗੜ੍ਹ, 8 ਅਗਸਤ: ਕਾਰਮਲ ਕਾਨਵੈਂਟ ਸਕੂਲ ਦੀ 40 ਸਾਲਾ ਸਕੂਲ ਅਟੈਂਡੰਟ ਸ਼ੀਲਾ ਦੇਵੀ ਨੂੰ ਅੱਜ ਠੀਕ ਹੋਣ ਤੋਂ ਬਾਅਦ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਤੋਂ ਉਸ ਦੀ ਵਿਦਾਇਗੀ ਨੂੰ ਇੱਕ ਵਿਸ਼ੇਸ਼ ਮੌਕਾ ਬਣਾਉਂਦੇ ਹੋਏ, ਕਾਰਮਲ ਕਾਨਵੈਂਟ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅਟੈਂਡੰਟ ਨੂੰ ਫੁੱਲ ਭੇਂਟ ਕਰ ਉਸ ਦੀ ਸ਼ਲਾਘਾ ਕੀਤੀ ਅਤੇ ਸਿਹਤਯਾਬੀ ਤੋਂ ਬਾਅਦ ਉਸ ਦੇ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ।

ਸ਼ੀਲਾ ਦੇਵੀ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਕਿਹਾ, “ਇਹ ਬਹੁਤ ਔਖਾ ਸਮਾਂ ਸੀ। ਭਾਵੇਂ ਇਹ ਇੱਕ ਮਹੀਨਾ ਸੰਘਰਸ਼ਾਂ ਅਤੇ ਮੁਸੀਬਤਾਂ ਦਾ ਸੀ ਪਰ ਅਣਜਾਣ ਜਿਹਾ ਡਰ, ਚਿੰਤਾ ਅਤੇ ਨਿਰਾਸ਼ਾ ਹਰ ਪਲ ਹਾਜ਼ਰ ਸੀ। ਪਰ ਪੀਜੀਆਈ ਦੀ ਡਾਕਟਰੀ ਅਤੇ ਮਨੋਵਿਗਿਆਨਕ ਸਹਾਇਤਾ ਨਾਲ ਮੈਂ ਇਸ ਨਜ਼ਦੀਕੀ ਮੌਤ ਵਰਗੀ ਸਥਿਤੀ ਤੋਂ ਬਾਹਰ ਆਈ ਹਾਂ ਅਤੇ ਪੀਜੀਆਈ ਵੱਲੋਂ ਦਿੱਤੀ ਗਈ ਦੇਖਭਾਲ ਅਤੇ ਹਮਦਰਦੀ ਦੁਆਰਾ ਬਹੁਤ ਪ੍ਰਭਾਵਿਤ ਹੋਈ ਹਾਂ। ਅਸਲ ਵਿੱਚ ਮੈਨੂੰ ਜ਼ਿੰਦਗੀ ਦਾ ਇਹ ਦੂਜਾ ਪਲ ਦੇਣ ਲਈ ਤੇ PGIMER ਟੀਮ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।”

ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੋ. ਵਿਵੇਕ ਲਾਲ (ਡਾਇਰੈਕਟਰ ਪੀਜੀਆਈ) ਨੇ ਕਿਹਾ, “ਪੀਜੀਆਈ ਸਿਹਤ ਸੇਵਾਵਾਂ ਵਿੱਚ ਮੋਹਰੀ ਹੋਣ ਕਰ ਕੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਸੰਸਥਾ ਵਿੱਚ ਭਰੋਸੇ ਲਈ ਅਸੀਂ ਭਾਈਚਾਰੇ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਹ ਉਹ ਭਰੋਸਾ ਹੈ ਜੋ ਸਾਨੂੰ ਸਭ ਤੋਂ ਮੁਸ਼ਕਿਲ ਚੁਣੌਤੀਆਂ ਨੂੰ ਪਾਰ ਕਰਨ ਅਤੇ ਅੱਗੇ ਵਧਣ ਵਿੱਚ ਮਦਦ ਕਰਦਾ ਹੈ। ਜਿਵੇਂ ਕਿ ਸ਼ੀਲਾ ਦੇਵੀ 8 ਜੁਲਾਈ ਨੂੰ ਪੀਜੀਆਈਐਮਈਆਰ ਵਿੱਚ ਦਾਖਲ ਹੋਣ ਵੇਲੇ ਗੰਭੀਰ ਰੂਪ ਨਾਲ ਜ਼ਖਮੀ ਸੀ, ਇਸ ਮੌਕੇ ਉਸ ਦੇ ਸਫਲ ਇਲਾਜ ਵਿੱਚ ਸ਼ਾਮਲ ਸਮੁੱਚੀ ਪੀਜੀਆਈਐਮਈਆਰ ਟੀਮ ਲਈ ਵੀ ਇਹ ਬਹੁਤ ਉਤਸ਼ਾਹਜਨਕ ਪਲ ਹੈ।”

40 ਸਾਲਾ ਮਹਿਲਾ ਅਟੈਂਡੰਟ ਸ਼ੀਲਾ ਦੇਵੀ ਨੂੰ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ 'ਚ ਦਰਖ਼ਤ ਦੇ ਡਿੱਗਣ ਕਾਰਨ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ, ਬਹੁਤ ਗੰਭੀਰ ਹਾਲਤ ਵਿੱਚ ਪੀਜੀਆਈ ਦੇ ਐਡਵਾਂਸਡ ਟਰਾਮਾ ਸੈਂਟਰ ਵਿੱਚ ਲਿਆਂਦਾ ਗਿਆ ਸੀ। ਘਟਨਾ ਤੋਂ ਬਾਅਦ ਸ਼ੀਲਾ ਦੇਵੀ ਕਈ ਗੰਭੀਰ ਸੱਟਾਂ ਦੇ ਨਾਲ ਸੰਵੇਦਨਾ ਵਿੱਚ ਸੀ। ਉਸ ਨੂੰ ਤੁਰੰਤ ਇੰਟਿਊਬੇਟ ਕੀਤਾ ਗਿਆ ਜਾਨੀ ਬਾਹਰੋਂ ਨਕਲੀ ਸਾਹ ਨਾਲੀਆਂ ਵਾੜੀਆਂ ਗਈਆਂ। ਉਸ ਨੂੰ ਟਰੌਮਾ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਅਤੇ ਸਿਰ ਤੇ ਰੀੜ੍ਹ ਦੀ ਰੇਡੀਓ ਇਮੇਜਿੰਗ ਕਰਵਾਈ ਗਈ।

ਇਮੇਜਿੰਗ ਨੇ ਸੇਰੇਬ੍ਰਲ ਐਡੀਮਾ, ਮਲਟੀਪਲ ਫੇਸੀਓ-ਮੈਕਸੀਲਰੀ ਫ੍ਰੈਕਚਰ ਅਤੇ ਰੀੜ੍ਹ ਦੀ ਹੱਡੀ ਦੇ ਵੇਜ ਕੰਪਰੈਸ਼ਨ ਫ੍ਰੈਕਚਰ ਦੇ ਨਾਲ ਖੱਬਾ ਐਕਸਟਰਾਡੂਰਲ ਹੈਮਰੇਜ ਦਿਖਾਇਆ। ਉਸ ਨੂੰ ਦਾਖਲੇ ਦੇ ਚੌਥੇ ਦਿਨ ਮਸ਼ੀਨੀ ਤੌਰ 'ਤੇ ਟ੍ਰੈਕੀਓਟੋਮਾਈਜ਼ ਕੀਤਾ ਗਿਆ। ਹੌਲੀ-ਹੌਲੀ ਉਸਦੇ ਸੰਵੇਦਨਾ ਵਿੱਚ ਸੁਧਾਰ ਹੋਇਆ ਅਤੇ ਉਸਨੂੰ 18ਵੇਂ ਦਿਨ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ।

ਇਸ ਤੋਂ ਬਾਅਦ ਸ਼ੀਲਾ ਦੇਵੀ ਨੂੰ ਅਗਲੇਰੇ ਪ੍ਰਬੰਧਾਂ ਲਈ ਨਿਊਰੋਲੋਜੀ ਕੇਅਰ ਅਧੀਨ ਵਾਰਡ ਵਿੱਚ ਭੇਜ ਦਿੱਤਾ ਗਿਆ। ਉਸਨੇ ਇਲਾਜ ਸਮੇਂ ਚੰਗਾ ਰਿਸਪੌਂਸ ਦਿੱਤਾ ਅਤੇ ਇਸ ਤੋਂ ਬਾਅਦ ਪੀਜੀਆਈ ਵਿੱਚ ਇੱਕ ਮਹੀਨੇ ਤੱਕ ਦਾਖਲ ਹੋਣ ਮਗਰੋਂ ਅੱਜ ਉਸਨੂੰ ਛੁੱਟੀ ਦੇ ਦਿੱਤੀ ਗਈ। ਸ਼ੀਲਾ ਦੇਵੀ ਦਾ ਹਸਪਤਾਲ ਤੋਂ ਡਿਸਚਾਰਜ ਉਨ੍ਹਾਂ ਸਾਰਿਆਂ ਲਈ ਉਮੀਦ ਅਤੇ ਵਿਸ਼ਵਾਸ ਦਾ ਪਲ ਸੀ ਜੋ ਇਸ ਚਮਤਕਾਰੀ ਰਿਕਵਰੀ ਦਾ ਹਿੱਸਾ ਰਹੇ ਹਨ ਅਤੇ ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ਨੇ ਸ਼ੀਲਾ ਦੇਵੀ ਅਤੇ ਉਸਦੇ ਦੋ ਬੱਚਿਆਂ ਨਾਲ ਇਸ ਮੁਸ਼ਕਲ ਦੇ ਸਮੇਂ ਖੜੇ ਹੋਏ।

-PTC News

Related Post