ਪੰਜਾਬ 'ਚ ਜਾਨਲੇਵਾ 'ਕੋਰੋਨਾ' ਵਾਇਰਸ ਦੀ ਦਸਤਕ, ਮੁੱਢਲੀ ਰਿਪੋਰਟ 'ਚ 2 ਮਰੀਜ਼ ਪਾਜ਼ੇਟਿਵ

By  PTC NEWS March 7th 2020 11:05 AM

ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਇਸ ਵਾਇਰਸ ਨੇ ਹੁਣ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੁਨੀਆ ਭਰ ‘ਚ ਤਬਾਹੀ ਮਚਾ ਰਿਹਾ ਕੋਰੋਨਾ ਵਾਇਰਸ ਦਿਨੋਂ-ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਇਸ ਕਾਰਨ ਹੁਣ ਤੱਕ ਇਕੱਲੇ ਚੀਨ ‘ਚ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਟਲੀ ਤੋਂ ਹੁਸ਼ਿਆਰਪੁਰ ਵਾਪਸ ਆਏ 3 ਵਿਚੋਂ 2 ਸ਼ੱਕੀ ਮਰੀਜ਼ਾਂ ਦੀ ਮੁੱਢਲੀ ਜਾਂਚ ਰਿਪੋਰਟ ਪਾਜ਼ੀਟਿਵ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਸਥਿਤ ਜੀ.ਐੱਮ.ਸੀ. ਐੱਚ 'ਚ ਦਾਖਲ ਕਰਵਾਇਆ ਗਿਆ ਹੈ। ਸੂਬਾ ਸਰਕਾਰ ਹੁਣ ਉਨ੍ਹਾਂ ਦੀ ਪੁਣੇ ਤੋਂ ਆਉਣ ਵਾਲੀ ਫਾਈਨਲ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਸਥਿਤੀ ਸਪੱਸ਼ਟ ਹੋ ਸਕੇ।

ਹਾਲਾਂਕਿ,ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਸ 'ਚ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੇ ਰਾਜਪਾਲ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਣ ਸਬੰਧੀ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸੂਚੀ ਵੀ ਜਾਰੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਿਹਤ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਦੇ ਗਲੇ ਲੱਗ ਕੇ ਨਾ ਮਿਲੋ, ਖੁੱਲ੍ਹੇ 'ਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ, ਉਸ ਨੂੰ ਭੀੜ 'ਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ, ਉਸ ਨੂੰ ਲਾਜ਼ਮੀ ਤੌਰ 'ਤੇ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਰਿਪੋਰਟ ਕਰਨੀ ਚਾਹੀਦੀ ਹੈ।

ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਤੱਕ ਘਰ 'ਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ 'ਤੇ ਨਹੀਂ ਜਾਣਾ ਚਾਹੀਦਾ ਹੈ। ਜਾਰੀ ਸਿਹਤ ਐਡਵਾਈਜ਼ਰੀ ਅਨੁਸਾਰ ਸਿਹਤਮੰਦ ਵਿਅਕਤੀ ਜਿਸ ਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਜਾਣਕਾਰੀ ਲਈ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Post