ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਹੁਣ ਤੱਕ 811 ਲੋਕਾਂ ਦੀ ਹੋਈ ਮੌਤ

By  Jashan A February 9th 2020 01:58 PM

ਬੀਜਿੰਗ: ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਭਿਆਨਕ ਵਾਇਰਸ ਕਾਰਨ ਚੀਨ 'ਚ ਹੁਣ ਤੱਕ 811 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 37,198 ਲੋਕਾਂ 'ਚ ਇਸ ਵਾਇਰਸ ਦੇ ਪਾਏ ਜਾਣ ਦੀ ਪੁਸ਼ਟੀ ਹੋਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਰਾਸ਼ਟਰੀ ਸਿਹਤ ਆਯੋਗ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਮੁਤਾਬਕ ਕੋਰੋਨਾ ਵਾਇਰਸ ਕਾਰਨ 6,188 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ 'ਚ ਘੱਟ ਤੋਂ ਘੱਟ 1,370 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਇਲਾਵਾ ਅਮਰੀਕਾ ਸਣੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ।

ਹੋਰ ਪੜ੍ਹੋ: ਬਟਾਲਾ 'ਚ ਹੋਏ ਪਟਾਕਾ ਫੈਕਟਰੀ ਧਮਾਕੇ 'ਤੇ ਬਿਕਰਮ ਮਜੀਠੀਆ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਤੁਹਾਨੂੰ ਦੱਸ ਦੇਈਏ ਕੋਰੋਨਾਵਾਇਰਸ ਦੇ ਕਈ ਸ਼ੱਕੀ ਮਰੀਜ਼ ਭਾਰਤ 'ਚ ਸਾਮ੍ਹਣੇ ਆਏ ਸਨ, ਜਿਨ੍ਹਾਂ 'ਚੋਂ ਕੁਝ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਪਰ ਕੇਰਲ 'ਚ 2 ਲੋਕਾਂ ਨੂੰ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਦਸੰਬਰ 2019 'ਚ ਚੀਨ ਦੇ ਵੂਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਸੀ, ਜੋ ਹੁਣ ਲਗਾਤਾਰ ਜਾਰੀ ਹੈ। ਹੁਣ ਤੱਕ ਇਹ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਫੈਲ ਗਿਆ ਹੈ। ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ, ਜੋ ਕਿ ਆਮ ਜੁਕਾਮ ਤੋਂ ਲੈ ਕੇ ਸਾਹ ਲੈਣ ‘ਚ ਸਮੱਸਿਆ ਤੱਕ ਪੈਦਾ ਕਰ ਸਕਦਾ ਹੈ।

-PTC News

Related Post