ਪੰਜਾਬ ਦੇ ਮੈਰੀਟੋਰੀਅਸ ਸਕੂਲਾਂ 'ਚ ਬਣਨਗੇ 'ਆਈਸੋਲੇਸ਼ਨ ਸੈਂਟਰ'

By  Panesar Harinder April 16th 2020 12:50 PM

ਚੰਡੀਗੜ੍ਹ - ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਕਿਹਾ ਕਿ Covid-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਸਿੱਖਿਆ ਵਿਭਾਗ ਪੰਜਾਬ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਸਿਹਤ ਵਿਭਾਗ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ 'ਇਕਾਂਤਵਾਸ ਕੇਂਦਰ' ਬਣਾਉਣ ਲਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਤੋਂ ਇਲਾਵਾ, ਸਿੱਖਿਆ ਵਿਭਾਗ ਨੇ 10 ਮੈਰੀਟੋਰੀਅਸ ਸਕੂਲ ਵੀ ਡਿਪਟੀ ਕਮਿਸ਼ਨਰਾਂ ਦੇ ਹਵਾਲੇ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ Covid-19 ਬਚਾਅ ਲਈ ਇਕਾਂਤਵਾਸ ਕੇਂਦਰ ਵਜੋਂ ਵਰਤਿਆ ਜਾ ਸਕੇ।

ਸਕੂਲਾਂ 'ਚ ਬਣਾਏ ਜਾਣਗੇ 'ਆਈਸੋਲੇਸ਼ਨ ਸੈਂਟਰ'

ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੈਰੀਟੋਰੀਅਸ ਸਕੂਲ ਘਬਦਾਨ (ਸੰਗਰੂਰ) ਵਿਖੇ ਪਹੁੰਚੇ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਰਿਹਾਇਸ਼ੀ ਸਕੂਲਾਂ ਦੇ ਹੋਸਟਲ ਵਿੱਚ 8,346 ਬੈੱਡ ਉਪਲਬਧ ਹਨ, ਅਤੇ 200 ਦੇ ਕਰੀਬ ਕਲਾਸਰੂਮਾਂ ਨੂੰ ਮੈਡੀਕਲ ਸਟਾਫ਼ ਵੱਖੋ-ਵੱਖਰੇ ਹੋਰਨਾਂ ਉਦੇਸ਼ਾਂ ਲਈ ਇਸਤੇਮਾਲ ਕਰ ਸਕਦਾ ਹੈ।

ਸਿੰਗਲਾ ਨੇ ਦੱਸਿਆ ਕਿ ਇਸ ਮੰਤਵ ਲਈ ਚੁਣੇ ਗਏ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸਥਿਤ ਹਨ।

ਮਰੀਜ਼ਾਂ ਲਈ ਬਿਹਤਰ ਸਿਹਤ ਸਹੂਲਤਾਂ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕੋਰੋਨਵਾਇਰਸ ਮਹਾਮਾਰੀ ਦੌਰਾਨ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿ ਇਹ ਸਭ ਜਾਣਦੇ ਹਨ ਕਿ ਕੋਰੋਨਾਵਾਇਰਸ ਛੂਤ ਦਾ ਰੋਗ ਹੈ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ, ਇਸ ਲਈ ਹੋਰ ਇਕਾਂਤਵਾਸ ਕੇਂਦਰਾਂ ਬਣਾਏ ਜਾਣਾ ਇਸ ਵਾਇਰਸ ਦੇ ਹੋਰ ਫੈਲਣ ਤੋਂ ਰੋਕਣ ਲਈ ਇੱਕ ਵਰਦਾਨ ਸਾਬਤ ਹੋ ਸਕਦਾ ਹੈ।

ਸਿੰਗਲਾ, ਜੋ ਕਿ ਲੋਕ ਨਿਰਮਾਣ ਵਿਭਾਗ ਦਾ ਚਾਰਜ ਵੀ ਸੰਭਾਲ ਰਹੇ ਹਨ, ਨੇ ਕਿਹਾ ਕਿ ਇਕਾਂਤਵਾਸ ਜਾਂ ਕੁਆਰੰਟਾਈਨ ਕੇਂਦਰਾਂ ਦੀ ਸਥਾਪਨਾ ਲਈ ਲੋੜੀਂਦੀ ਮਦਦ ਵਾਸਤੇ ਲੋਕ ਨਿਰਮਾਣ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਥਾਨਕ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਮੰਗਲਵਾਰ ਤੱਕ 182 'ਤੇ ਪਹੁੰਚ ਚੁੱਕੀ ਸੀ। ਅੰਕੜਿਆਂ ਮੁਤਾਬਕ ਮੋਹਾਲੀ ਜ਼ਿਲ੍ਹੇ ਵਿੱਚ ਇਸ ਦਾ ਪ੍ਰਕੋਪ ਬਹੁਤ ਭਾਰਾ ਦੇਖਣ ਨੂੰ ਮਿਲਿਆ ਹੈ ਜਿੱਥੇ ਸਭ ਤੋਂ ਵੱਧ 56 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਬਾਅਦ ਨਵਾਂਸ਼ਹਿਰ, ਅੰਮ੍ਰਿਤਸਰ ਅਤੇ ਜਲੰਧਰ ਜ਼ਿਲ੍ਹਿਆਂ ਦੇ ਨਾਂਅ ਵੀ ਕੋਰੋਨਾ ਦੇ 'ਹਾਟ ਸਪਾਟ' ਵਜੋਂ ਲਏ ਜਾ ਰਹੇ ਹਨ।

Related Post