ਪੰਜਾਬ ਦੇ ਸਕੂਲਾਂ 'ਚ ਅੱਜ ਤੋਂ ਛੁੱਟੀਆਂ ਦਾ ਐਲਾਨ

By  Shanker Badra April 11th 2020 08:12 PM

ਪੰਜਾਬ ਦੇ ਸਕੂਲਾਂ 'ਚ ਅੱਜ ਤੋਂ ਛੁੱਟੀਆਂ ਦਾ ਐਲਾਨ:ਚੰਡੀਗੜ੍ਹ: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੂਚਨਾ ਦਿੱਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ COVID -19 ਦੀ ਮਾਰ ਕਾਰਨ, ਪੜ੍ਹਾਈ ਦੇ ਨੁਕਸਾਨ ਨੂੰ ਆਉਂਦੇ ਸਮੇਂ 'ਚ ਪੂਰਾ ਕਰਨ ਲਈ ਯੋਜਨਾਬੰਦੀ ਵਜੋਂ ਸੂਬੇ ਦੇ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਹੁਣ ਇਹ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੜ੍ਹ ਰਹੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਰਫ਼ਿਊ ਲੱਗਣ ਤੋਂ ਪਹਿਲਾਂ ਹੋਈਆਂ ਪ੍ਰੀਖਿਆਵਾਂ ਦੇ ਆਧਾਰ 'ਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।

ਸਿੰਗਲਾ ਨੇ ਕਿਹਾ ਕਿ ਕਰਫ਼ਿਊ ਨੂੰ ਲੈ ਕੇ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਚਿੰਤਤ ਸਨ ਅਤੇ ਆਮ ਸਮੇਂ ਤੋਂ ਪਹਿਲਾਂ ਕੀਤੀਆਂ ਛੁੱਟੀਆਂ ਦੇ ਫ਼ੈਸਲੇ ਨਾਲ ਉਨ੍ਹਾਂ ਨੂੰ ਰਾਹਤ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹੀ ਸੀ ਕਿ ਸਾਰੇ ਪ੍ਰਾਈਵੇਟ ਸਕੂਲ ਵੀ 11 ਅਪ੍ਰੈਲ ਤੋਂ ਛੁੱਟੀਆਂ ਦੀ ਸ਼ੁਰੂਆਤ ਕਰਦੇ, ਪਰ ਉਹ ਆਪਣੀ ਲੋੜ ਅਨੁਸਾਰ ਛੁੱਟੀਆਂ ਮਿਆਦ ਵਧਾਉਣ ਲਈ ਸੁਤੰਤਰ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਰਫ਼ਿਊ ਲਗਾਏ ਜਾਣ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਲਈ ਤਿੰਨ ਪ੍ਰੀਖਿਆਵਾਂ ਲਈਆਂ ਸੀ, ਅਤੇ ਹੁਣ ਮੰਤਰੀ ਮੰਡਲ ਨੇ ਬਾਕੀ ਦੋ ਵਿਸ਼ਿਆਂ ਦੇ ਪੇਪਰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਅਤੇ ਅੱਠਵੀਂ ਜਮਾਤ ਲਈ, ਪ੍ਰੈਕਟੀਕਲ ਪ੍ਰੀਖਿਆਵਾਂ ਹਾਲੇ ਹੋਣੀਆਂ ਸੀ, ਪਰ ਹੁਣ ਬੋਰਡ ਦੋਵਾਂ ਕਲਾਸਾਂ ਲਈ ਬਿਨਾਂ ਕਿਸੇ ਇਮਤਿਹਾਨ ਦੇ ਨਤੀਜੇ ਐਲਾਨੇਗਾ।

-PTCNews

Related Post