ਲਾਕਡਾਊਨ ਕਰਕੇ ਸਬਜ਼ੀ ਵੇਚਣ ਲਈ ਮਜ਼ਬੂਰ ਹੋਇਆ ਅਧਿਆਪਕ, ਹੁਣ ਸਬਜ਼ੀ ਲੈ ਲਓ' ਦਾ ਦਿੰਦਾ ਹੋਕਾ

By  Shanker Badra May 13th 2020 04:03 PM

ਲਾਕਡਾਊਨ ਕਰਕੇ ਸਬਜ਼ੀ ਵੇਚਣ ਲਈ ਮਜ਼ਬੂਰ ਹੋਇਆ ਅਧਿਆਪਕ, ਹੁਣ ਸਬਜ਼ੀ ਲੈ ਲਓ' ਦਾ ਦਿੰਦਾ ਹੋਕਾ:ਚੰਡੀਗੜ੍ਹ : ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਦੇਸ਼ ਭਰ 'ਚ ਲਾਗੂ ਲਾਕਡਾਊਨ ਕਰਕੇ ਅੱਜ ਹਜ਼ਾਰਾਂ -ਲੱਖਾਂ ਲੋਕ ਦੋ ਵਕਤ ਦੀ ਰੋਜ਼ੀ-ਰੋਟੀ ਲਈ ਤਰਸ ਰਹੇ ਹਨ। ਇਸ ਦੌਰਾਨ ਵੱਡੇ ਤੋਂ ਵੱਡਾ ਕਾਰੋਵਾਰ ਕਰਨ ਵਾਲੇ ਅਤੇ ਸੁਨਿਆਰ ਵੀ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਸਬਜ਼ੀ ਵੇਚਣ ਲਈ ਸੜਕਾਂ 'ਤੇ ਨਿਕਲ ਆਏ ਹਨ।

ਇਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਵਿੱਚ ਇੱਕ ਨਾਨ ਟੀਚਿੰਗ ਟੀਚਰ ਨਿਸ਼ਾਂਤ ਕੁਮਾਰ ਸਰਕਾਰੀ ਪ੍ਰਰਾਇਮਰੀ ਸਕੂਲ ਭਗਤਪੁਰਾ (ਕਪੂਰਥਲਾ) ਵਿਖੇ ਬੱਚਿਆਂ ਨੂੰ ਪੜ੍ਹਾ ਕੇ ਰੋਜ਼ੀ-ਰੋਟੀ ਚਲਾ ਰਿਹਾ ਸੀ ਪਰ ਲਾਕਡਾਊਨ ਕਾਰਨ ਉਹ ਹੁਣ ਸਬਜ਼ੀ ਵੇਚਣ ਨੂੰ ਮਜਬੂਰ ਹੋ ਗਏ ਹਨ। ਜੋ ਅਧਿਆਪਕ ਪਹਿਲਾਂ ਬੱਚਿਆਂ ਨੂੰ ਪੜ੍ਹਾ ਕੇ ਚਾਨਣ ਦਾ ਹੋਕਾ ਦਿੰਦਾ ਸੀ ਤੇ ਹੁਣ 'ਸਬਜ਼ੀ ਲੈ ਲਓ' ਦਾ ਹੋਕਾ ਦਿੰਦਾ ਹੈ।

ਦਰਅਸਲ 'ਚ ਨਿਸ਼ਾਂਤ ਕੁਮਾਰ ਬਾਰ੍ਹਵੀਂ ਪਾਸ ਤੇ ਈਟੀਟੀ ਪਾਸ ਅਧਿਆਪਕ ਹੈ ਅਤੇ ਸਰਕਾਰ ਉਸ ਨੂੰ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦਿੰਦੀ ਹੈ। ਉਸ ਅਧਿਆਪਕ ਦਾ 6 ਹਜ਼ਾਰ ਰੁਪਏ 'ਚ ਗੁਜ਼ਾਰਾ ਨਹੀਂ ਹੁੰਦਾ ਸੀ, ਇਸ ਲਈ ਉਸ ਨੇ ਕਿਸ਼ਤਾਂ 'ਤੇ ਆਟੋ ਰਿਕਸ਼ਾ ਖ਼ਰੀਦ ਲਿਆ ਤੇ ਸਕੂਲ ਸਮੇਂ ਤੋਂ ਬਾਅਦ ਸਵਾਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲੱਗਾ ,ਜਿਸ ਵਿੱਚ ਉਸਨੂੰ ਕੁੱਝ ਪੈਸੇ ਬਚ ਜਾਂਦੇ ਸੀ।

ਜਦੋਂ ਕੋਰੋਨਾ ਕਰਕੇ ਪੰਜਾਬ ਵਿੱਚ ਕਰਫਿਊ ਲੱਗਾ ਤਾਂ ਸਕੂਲ ਦੇ ਨਾਲ-ਨਾਲ ਉਸਦਾ ਆਟੋ ਵੀ ਬੰਦ ਹੋ ਗਿਆ ਪਰ ਉਸਦੇ ਆਟੋ ਦੀ ਕਿਸ਼ਤ ਤਾਂ ਚੱਲਦੀ ਹੀ ਰਹੀ। ਇਸ ਕਰਕੇ ਨਿਸ਼ਾਂਤ ਨੇ ਹੁਣ ਰਿਕਸ਼ਾ ਲੈ ਕੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਹੁਣ ਰੋਜ਼ਾਨਾ ਉਹ ਗਲੀਆਂ ਵਿਚ 'ਸਬਜ਼ੀ ਲੈ ਲਓ' ਦਾ ਹੋਕਾ ਦਿੰਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਸ ਨੇ ਸਿੱਖਿਆ ਵਿਭਾਗ ਵਿਚ ਨੌਕਰੀ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ। ਉਸਨੇ ਆਪਣੇ ਸਾਥੀਆਂ ਨਾਲ 68 ਦਿਨ ਬਠਿੰਡੇ 'ਚ ਪਾਣੀ ਵਾਲੀ ਟੈਂਕੀ 'ਤੇ ਦਿਨ ਤੇ ਰਾਤਾਂ ਗੁਜ਼ਾਰੀਆਂ ਹਨ। ਉਹ ਤੇ ਉਸ ਦੇ ਸਾਥੀ ਲਗਾਤਾਰ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਨਿਸ਼ਾਂਤ ਨੇ ਦੱਸਿਆ ਨੌਕਰੀ ਲਈ ਸੰਘਰਸ਼ ਕਰਦੇ - ਕਰਦੇ ਆਪਣੀ ਪਤਨੀ ਨੂੰ ਵੀ ਗੁਆ ਬੈਠਾ ਹੈ।

ਉਸ ਨੇ ਦੱਸਿਆ ਕਿ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਣ ਕਾਰਨ ਉਸ ਦੇ ਸਹੁਰੇ ਪਰਿਵਾਰ ਨੇ ਪਤਨੀ 'ਤੇ ਦਬਾਅ ਬਣਾ ਕੇ ਉਸਦਾ ਤਲਾਕ ਕਰਵਾ ਦਿੱਤਾ ਹੈ। ਪਹਿਲਾਂ ਪਤਨੀ ਵੀ ਸਾਥ ਦਿੰਦੀ ਰਹੀ ਪਰ ਗ਼ਰੀਬੀ ਅਤੇ ਦਬਾਅ ਅੱਗੇ ਉਹ ਹਾਰ ਗਿਆ ਤੇ ਤਲਾਕ ਹੋ ਗਿਆ ਹੈ।

-PTCNews

Related Post