ਕੈਬਨਿਟ ਵੱਲੋਂ ਐਮ.ਬੀ.ਬੀ.ਐਸ. ਡਾਕਟਰਾਂ ਤੋਂ ਬਾਅਦ ਦੰਦਾਂ ਦੇ ਡਾਕਟਰਾਂ ਨੂੰ ਵੀ ਪਰਖ ਕਾਲ ਦੌਰਾਨ ਪੂਰੀ ਤਨਖ਼ਾਹ ਦੇਣ ਨੂੰ ਹਰੀ ਝੰਡੀ

By  Joshi March 22nd 2018 07:49 PM

Dentist doctors announcement Punjab Government : ਕੈਬਨਿਟ ਵੱਲੋਂ ਐਮ.ਬੀ.ਬੀ.ਐਸ. ਡਾਕਟਰਾਂ ਤੋਂ ਬਾਅਦ ਦੰਦਾਂ ਦੇ ਡਾਕਟਰਾਂ ਨੂੰ ਵੀ ਪਰਖ ਕਾਲ ਦੌਰਾਨ ਪੂਰੀ ਤਨਖ਼ਾਹ ਦੇਣ ਨੂੰ ਹਰੀ ਝੰਡੀ

ਚੰਡੀਗੜ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਨੇ ਅੱਜ ਮੈਡੀਕਲ ਅਫ਼ਸਰਾਂ (ਡੈਂਟਲ) ਨੂੰ ਵੀ ਉਨਾਂ ਮੈਡੀਕਲ ਪੇਸ਼ੇਵਰਾਂ ਦੇ ਘੇਰੇ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ, ਜਿਨਾਂ ਨੂੰ ਪਰਖ ਕਾਲ ਦੌਰਾਨ ਭੱਤਿਆਂ ਸਮੇਤ ਪੂਰੀ ਤਨਖ਼ਾਹ ਮਿਲੇਗੀ।

ਕੈਬਨਿਟ ਨੇ ਵੀਰਵਾਰ ਨੂੰ ਕੇਵਲ ਮੈਡੀਕਲ ਅਫ਼ਸਰਾਂ (ਡੈਂਟਲ) ਲਈ ਮੁਢਲੀ ਤਨਖ਼ਾਹ ਦੀ ਸ਼ਰਤ ਹਟਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ। ਮੰਤਰੀ ਮੰਡਲ ਨੇ ਕੁੱਝ ਕੁ ਦਿਨ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿੱਚ ਪਰਖ ਕਾਲ ਵਾਲੇ ਐਮ.ਬੀ.ਬੀ.ਐਸ. ਡਾਕਟਰਾਂ ਲਈ ਇਹ ਸ਼ਰਤ ਹਟਾਉਣ ਨੂੰ ਮਨਜ਼ੂਰੀ ਦਿੱਤੀ ਸੀ।

ਇਸ ਕਦਮ ਦਾ ਉਦੇਸ਼ ਪੇਸ਼ੇਵਰ ਡੈਂਟਲ ਅਫ਼ਸਰਾਂ ਰਾਹੀਂ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਦੰਦਾਂ ਦਾ ਬਿਹਤਰੀਨ ਇਲਾਜ ਤੇ ਜਾਂਚ ਸੇਵਾਵਾਂ ਯਕੀਨੀ ਬਣਾਉਣੀਆਂ ਹਨ।

ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਮੈਡੀਕਲ ਅਫ਼ਸਰ (ਡੈਂਟਲ) ਵੀ ਪੀ.ਸੀ.ਐਮ.ਐਸ. ਕਾਡਰ ਦਾ ਹਿੱਸਾ ਹਨ ਅਤੇ ਇਨਾਂ ਨੂੰ ਵੀ ਪਰਖ ਕਾਲ ਦੌਰਾਨ ਮੁਢਲੀ ਤਨਖ਼ਾਹ ਦੀ ਸ਼ਰਤ ਤੋਂ ਛੋਟ ਦੇਣ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਇਹ ਮਸਲਾ ਕੈਬਨਿਟ ਅੱਗੇ ਰੱਖਿਆ ਗਿਆ ਸੀ।

ਮੁੱਖ ਮੰਤਰੀ ਦਫ਼ਤਰ ਦੇ ਤਰਜਮਾਨ ਨੇ ਦੱਸਿਆ ਕਿ ਮੰਤਰੀ ਮੰਡਲ ਦੇ ਇਸ ਫ਼ੈਸਲੇ ਨਾਲ ਹੁਣ ਨਵੇਂ ਮੈਡੀਕਲ ਅਫ਼ਸਰਾਂ (ਡੈਂਟਲ) ਨੂੰ 15600-39100+5400/- ਗਰੇਡ ਪੇਅ ਸਕੇਲ ਉਤੇ ਪੂਰੀ ਤਨਖ਼ਾਹ ਮਿਲੇਗੀ।

ਤਰਜਮਾਨ ਨੇ ਦੱਸਿਆ ਕਿ ਨਵ-ਨਿਯੁਕਤ ਮੈਡੀਕਲ ਅਫ਼ਸਰਾਂ (ਡੈਂਟਲ) ਨੂੰ ਪਰਖ ਕਾਲ ਦੌਰਾਨ ਮੁਢਲੀ ਤਨਖ਼ਾਹ ਵਾਲੀ ਸ਼ਰਤ ਤੋਂ ਛੋਟ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ਲ ਬਰਾਂਚ), ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਸਿਸਟੈਂਟ ਟੀਚਰਜ਼/ਸਾਇੰਸਦਾਨਾਂ, ਸਪੈਸ਼ਲਿਸਟ ਡਾਕਟਰਾਂ ਅਤੇ ਮੈਡੀਕਲ ਅਫ਼ਸਰਾਂ (ਐਮਬੀਬੀਐਸ) ਵਾਲੇ ਆਧਾਰ ’ਤੇ ਦਿੱਤੀ ਗਈ ਹੈ।

ਵਿੱਤ ਵਿਭਾਗ ਵੱਲੋਂ 15 ਜਨਵਰੀ, 2015 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਇਨਾਂ ਸ਼੍ਰੇਣੀਆਂ ਨੂੰ ਛੱਡ ਕੇ ਮੈਡੀਕਲ ਅਫ਼ਸਰਾਂ (ਡੈਂਟਲ) ਸਮੇਤ ਪੰਜਾਬ ਸਰਕਾਰ ਦੇ ਬਾਕੀ ਸਾਰੇ ਨਵ-ਨਿਯੁਕਤ ਮੁਲਾਜ਼ਮਾਂ/ਅਫ਼ਸਰਾਂ ਨੂੰ ਉਨਾਂ ਦੇ ਪਰਖ ਕਾਲ ਦੌਰਾਨ ਕੇਵਲ ਮੁਢਲੀ ਤਨਖ਼ਾਹ ਹੀ ਦਿੱਤੀ ਜਾ ਰਹੀ ਹੈ।

—PTC News

Related Post