ਧੋਖਾਧੜੀਆਂ ਤੋਂ ਸੁਰੱਖਿਆ, ਸਰਕਾਰ ਵੱਲੋਂ e-passport ਦੀ ਤਿਆਰੀ

By  Panesar Harinder June 25th 2020 01:30 PM

ਨਵੀਂ ਦਿੱਲੀ - ਕਿਸੇ ਵੀ ਦੇਸ਼ ਦੇ ਨਾਗਰਿਕ ਲਈ ਪਾਸਪੋਰਟ ਉਸ ਦੀ ਪਛਾਣ ਦਾ ਸਭ ਤੋਂ ਵੱਡਾ ਸਬੂਤ ਹੁੰਦਾ ਹੈ। ਭਾਰਤੀ ਪਾਸਪੋਰਟ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਭਾਰਤ ਸਰਕਾਰ ਵੱਡੇ ਤੇ ਅਹਿਮ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇੰਡੀਅਨ ਸਿਕਓਰਟੀ ਪ੍ਰੈੱਸ ਤੇ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ ਨਾਲ ਮਿਲ ਕੇ ਚਿਪ ਵਾਲੇ ਈ-ਪਾਸਪੋਰਟ ਲਈ ਕੰਮ ਕਰ ਰਹੀ ਹੈ।

E-passport chip-enabled

ਇਸ ਨਾਲ ਟ੍ਰੈਵਲ ਡੌਕੁਮੈਂਟਸ ਦੀ ਸੁਰੱਖਿਆ ਵੱਧੇਗੀ। ਪਾਸਪੋਰਟ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਪਿੱਛੇ ਸਰਕਾਰ ਦੀ ਮਨਸ਼ਾ ਇਸ ਕਾਰਨ ਹੈ ਕਿਉਂਕਿ ਠੱਗ ਟਰੈਵਲ ਏਜੈਂਟਾਂ ਵੱਲੋਂ ਅਨੇਕਾਂ ਵਾਰ ਪਾਸਪੋਰਟ ਨਾਲ ਜੁੜੀਆਂ ਧੋਖਾਧੜੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਇਲਾਵਾ ਅਜਿਹੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਅਪਰਾਧੀ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋਏ ਹਨ।

ਕੇਂਦਰੀ ਵਿਦੇਸ਼ ਮੰਤਰੀ ਨੇ ਦਿੱਤੀ ਜਾਣਕਾਰੀ

ਚਿਪ ਇਨੇਬਲਡ ਈ-ਪਾਸਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਦੱਸਿਆ ਕਿ ਅਸੀਂ ਇੰਡੀਅਨ ਸਿਕਓਰਟੀ ਪ੍ਰੈੱਸ ਨਾਸਿਕ ਤੇ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ ਨਾਲ ਮਿਲ ਕੇ ਚਿਪ ਵਾਲੇ ਈ-ਪਾਸਪੋਰਟ 'ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਈ-ਪਾਸਪੋਰਟ ਆਉਣ ਤੋਂ ਬਾਅਦ ਸਾਡੇ ਟ੍ਰੈਵਲ ਡੌਕੁਮੈਂਟਸ ਦੀ ਸੁਰੱਖਿਆ ਹੋਰ ਮਜ਼ਬੂਤ ਹੋ ਜਾਵੇਗੀ। ਇਹ ਵੀ ਪਤਾ ਲੱਗਿਆ ਹੈ ਕਿ ਈ-ਪਾਸਪੋਰਟ ਦੇ ਪ੍ਰੋਡਕਸ਼ਨ ਲਈ ਪ੍ਰੋਕਿਓਰਮੈਂਟ ਪ੍ਰਕਿਰਿਆ ਵੀ ਚੱਲ ਰਹੀ ਹੈ।

E-passport chip-enabled

ਕੋਰੋਨਾ ਮਹਾਮਾਰੀ ਦਾ ਅਸਰ

ਦੇਸ਼ 'ਚ ਖੁੱਲ੍ਹ ਚੁੱਕੇ ਪਾਸਪੋਰਟ ਸੇਵਾਂ ਕੇਂਦਰਾਂ ਦੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰੀ ਨੇ ਦੱਸਿਆ ਕਿ ਹੁਣ ਤੱਕ 488 ਲੋਕ ਸਭਾ ਖੇਤਰਾਂ 'ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਸਰਕਾਰ ਹਰ ਲੋਕ ਸਭਾ ਖੇਤਰ 'ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣਾ ਚਾਹੁੰਦੀ ਹੈ, ਜਿੱਥੇ ਇਹ ਅਜੇ ਤੱਕ ਨਹੀਂ ਖੁਲ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਕਿਰਿਆ 'ਚ ਫ਼ਿਲਹਾਲ ਕੋਰੋਨਾ ਮਹਾਮਾਰੀ ਕਾਰਨ ਰੋਕ ਲੱਗੀ ਹੈ।

E-passport chip-enabled

ਜ਼ਿਕਰਯੋਗ ਹੈ ਕਿ ਐੱਮਪਾਸਪੋਰਟ ਸੇਵਾ ਮੋਬਾਈਲ ਐਪ ਵਰਗੇ ਡਿਜੀਟਲ ਪਲੇਟਫ਼ਾਰਮ ਅਤੇ ਐਪਲਾਈ ਫ੍ਰਾਮ ਐਨੀਵੇਅਰ ਸਕੀਮ ਰਾਹੀਂ ਨਾਗਰਿਕਾਂ ਵਾਸਤੇ ਪਾਸਪੋਰਟ ਲਈ ਅਪਲਾਈ ਕਰਨਾ ਬੇਹੱਦ ਸਰਲ ਹੋ ਗਿਆ ਹੈ। ਪਿਛਲੇ ਸਾਲ 2019 'ਚ 1.22 ਕਰੋੜ ਤੋਂ ਜ਼ਿਆਦਾ ਪਾਸਪੋਰਟ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ।

ਪਾਸਪੋਰਟ ਸੇਵਾ ਪੁਰਸਕਾਰ

ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪਾਸਪੋਰਟ ਸੇਵਾ ਦਫ਼ਤਰਾਂ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਲਈ ਪਾਸਪੋਰਟ ਸੇਵਾ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਗਈ ਸੀ। 24 ਜੂਨ 1967 ਨੂੰ ਲਾਗੂ ਹੋਏ ਪਾਸਪੋਰਟ ਐਕਟ ਦੀ ਯਾਦ ਵਿੱਚ ਹਰ ਸਾਲ ਪਾਸਪੋਰਟ ਦਿਵਸ ਮਨਾਇਆ ਜਾਂਦਾ ਹੈ।

Related Post