ਪੰਜਾਬ ਦੀਆਂ ਜੇਲ੍ਹਾਂ ਵਿੱਚ ਪਰਿਵਾਰਕ ਮੁਲਾਕਾਤ ਸਕੀਮ ਦੀ ਹੋਈ ਸ਼ੁਰੂਆਤ

By  Jasmeet Singh September 15th 2022 05:51 PM -- Updated: September 15th 2022 05:52 PM

ਅੰਮ੍ਰਿਤਸਰ, 15 ਸਤੰਬਰ: ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਸੁਧਾਰ ਦੀ ਨੀਤੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ ਜੇਲ੍ਹਾਂ ਵਿੱਚ ਪਰਿਵਾਰਕ ਮੁਲਾਕਾਤ ਸਕੀਮ ਨੂੰ ਸ਼ੁਰੂ ਕੀਤਾ ਗਿਆ ਜਿਸ ਅਨੁਸਾਰ ਹਵਾਲਾਤੀ ਅਤੇ ਬੰਦੀ ਹੁਣ ਆਪਣੇ ਪਰਿਵਾਰ ਵਾਲਿਆਂ ਨੂੰ ਗਲਵੱਕੜੀਆਂ ਪਾ ਮਿਲ ਸਕਣਗੇ। ਇਸ ਪ੍ਰੋਗਰਾਮ ਅਧੀਨ ਨੇਕ ਆਚਰਣ ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਬੰਦੀਆਂ ਨੂੰ ਪਰਿਵਾਰ ਨਾਲ ਜੇਲ੍ਹ ਅੰਦਰ ਮਿਲਣ ਦਾ ਮੌਕਾ ਦਿੱਤਾ ਜਾਵੇਗਾ।

ਇਸ ਸਬੰਧ ਵਿੱਚ ਅੱਜ ਜਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਕੇਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਪਰਿਵਾਰਕ ਮੁਲਾਕਾਤ ਲਈ ਬਣਾਏ ਗਏ ਸਪੈਸ਼ਲ ਹਾਲ ਦਾ ਉਦਘਾਟਨ ਕੀਤਾ ਗਿਆ। ਰੰਧਾਵਾ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਪਰਿਵਾਰਕ ਮੁਲਕਾਤ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਇਸ ਮਹੀਨੇ ਅੰਦਰ ਹਰੇਕ ਮੰਗਲਵਾਰ ਤੇ ਸ਼ਨੀਵਾਰ ਬੰਦੀ ਆਪਣੇ ਪਰਿਵਾਰ ਦੇ 5 ਮੈਂਬਰਾਂ ਨਾਲ ਇਕ ਘੰਟੇ ਲਈ ਮੁਲਾਕਾਤ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਹਫ਼ਤੇ ਦੇ 6 ਦਿਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰਕ ਮੁਲਾਕਾਤ ਪ੍ਰੋਗਰਾਮ ਤਹਿਤ ਜੇਲ੍ਹ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਨੂੰ ਆਪਣੇ ਆਚਰਣ ਨੂੰ ਉਤਮ ਰੱਖਣ ਦੀ ਪ੍ਰੇਰਨਾ ਮਿਲੇਗੀ ਅਤੇ ਇਸ ਨਾਲ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਧਾਰ ਦੇ ਕੰਮਾਂ ਵਿੱਚ ਤੇਜੀ ਆਵੇਗੀ।

ਇਸ ਮੌਕੇ ਸੀਨੀਅਰ ਸੁਪਰਡੈਂਟ ਕੇਂਦਰੀ ਜੇਲ੍ਹ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਲਾਕਾਤ ਪਹਿਲਾਂ ਦੀ ਮੁਲਾਕਾਤ ਨਾਲੋਂ ਵੱਖ ਹੋਵੇਗੀ। ਇਸ ਸਕੀਮ ਅੰਦਰ ਹਵਾਲਾਤੀ ਦੇ ਪਰਿਵਾਰਕ ਮੈਂਬਰ ਹਾਲ ਵਿੱਚ ਬੈਠ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁਖ ਸੁਖ ਸਾਂਝਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਚੰਗੇ ਆਚਰਣ, ਪੈਰੋਲ ਦੇ ਨਿਯਮਾਂ ਦਾ ਪਾਲਣ ਕਰਨ ਵਾਲੇ ਅਤੇ ਜਿੰਨਾਂ ਬੰਦੀਆਂ ਦਾ ਜੇਲ੍ਹ ਅੰਦਰ ਵਿਵਹਾਰ ਚੰਗਾ ਹੈ ਨੂੰ ਹੀ ਇਹ ਸਹੂਲਤ ਮਿਲੇਗੀ।

ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਅਤੇ ਹੋਰ ਖਤਰਨਾਕ ਅਪਰਾਧੀਆਂ ਨੂੰ ਇਹ ਸਹੂਲਤ ਨਹੀਂ ਹੋਵੇਗੀ। ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੰਦੀਆਂ ਦੇ ਪਰਿਵਾਰਕ ਮੈਂਬਰ ਸਹੂਲਤ ਲਈ ਆਨ ਲਾਈਨ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ, ਜਿਸ ਅਧੀਨ ਉਹ ਪੋਰਟਲ 'ਤੇ ਜਾ ਕੇ ਨਿਸ਼ਚਿਤ ਮਿਤੀ ਨੂੰ ਮੁਲਾਕਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰ ਜੇਲ੍ਹ ਵਿੱਚ ਬਣੇ ਸਪੈਸ਼ਲ ਹਾਲ ਵਿੱਚ ਆਉਣਗੇ ਅਤੇ ਉੱਥੇ ਬੈਠ ਕੇ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਸਕਣਗੇ। ਉਨ੍ਹਾਂ ਦੱਸਿਆ ਇਸ ਨਾਲ ਕੈਦੀਆਂ ਦੇ ਵਿਵਹਾਰ ਵਿੱਚ ਕਾਫੀ ਸੁਧਾਰ ਆਵੇਗੀ ਅਤੇ ਜੇਲ੍ਹ ਤੋਂ ਨਿਕਲਣ ਉਪਰੰਤ ਆਪਣੇ ਪਰਿਵਾਰ ਨਾਲ ਮਿਲ ਕੇ ਰਹਿਣਗੇ।

-PTC News

Related Post