ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ: ਅਰੁੰਧਤੀ ਰਾਏ

By  Shanker Badra January 9th 2021 07:20 PM

ਨਵੀ ਦਿੱਲੀ : ਦਿੱਲੀ ਮੋਰਚੇ 'ਚ ਅੱਜ ਨਾਮਵਰ ਲੇਖਕਾ ਅਰੁੰਧਤੀ ਰਾਏ ਕਿਸਾਨਾਂ ਦੇ ਸੰਘਰਸ਼ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਪਹੁੰਚੀ ਤੇ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਲੱਗੀ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਹੋਈ। ਰੈਲੀ 'ਚ ਜੁੜੇ ਹਜ਼ਾਰਾਂ ਲੋਕਾਂ ਜਿਨ੍ਹਾਂ ਚ ਔਰਤਾਂ ਵੀ ਭਾਰੀ ਗਿਣਤੀ ਸ਼ਾਮਲ ਸੀ , ਨੂੰ ਸੰਬੋਧਨ ਹੁੰਦਿਆਂ ਉਸ ਨੇ ਕਿਹਾ " ਇਹ ਸੰਘਰਸ਼ ਹਾਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਜ਼ਿੰਦਾ ਦਿਲ ਵਾਲਿਆਂ ਦਾ ਸੰਘਰਸ਼ ਹੈ, ਪੂਰੇ ਦੇਸ਼ ਦੀਆਂ ਉਮੀਦਾਂ ਤੁਹਾਡੇ ਨਾਲ ਹਨ ਕਿਉਂਕਿ ਲੜਨ ਵਾਲੇ ਲੋਕ ਦਿੱਲੀ ਆ ਗਏ ਹਨ ਤੇ ਇਹ ਹਾਰਨ ਵਾਲੇ ਨਹੀਂ ਹਨ। ਉਸ ਨੇ ਕਿਹਾ ਕਿ ਇਸ ਵੇਲੇ ਦੁਨੀਆਂ ਚ ਇਹੋ ਜਿਹਾ ਸੰਘਰਸ਼ ਹੋਰ ਕਿਤੇ ਨਹੀਂ ਹੋ ਰਿਹਾ ਜਿਹੋ ਜਿਹਾ ਅੱਜ ਦਿੱਲੀ ਦੀਆਂ ਬਰੂਹਾਂ 'ਤੇ ਹੈ। ਅਰੁੰਧਤੀ ਰਾਏ ਨੇ ਕਿਸਾਨ ਸੰਘਰਸ਼ ਨੂੰ ਆਦਿਵਾਸੀ ਲੋਕਾਂ ਦੇ ਸੰਘਰਸ਼ਾਂ ਨਾਲ ਜੋੜਦਿਆਂ ਕਿਹਾ ਕਿ ਜੋ ਅੱਜ ਤੁਹਾਡੇ ਨਾਲ ਹੋ ਰਿਹਾ ਹੈ,  ਆਦਿਵਾਸੀ ਕਈ ਦਹਾਕਿਆਂ ਤੋਂ ਉਹ ਹੰਢਾਉਂਦੇ ਆ ਰਹੇ ਹਨ, ਉਥੇ ਕੰਪਨੀਆਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਹਨ ਤੇ ਆਦਿਵਾਸੀਆਂ ਨੂੰ ਜੰਗਲਾਂ 'ਚੋਂ ਉਜਾੜਿਆ ਗਿਆ ਹੈ।

Farmers Protest । Arundhati Roy speaks on Kisan Andolan Tikri Border ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ: ਅਰੁੰਧਤੀ ਰਾਏ

ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ ਹਨ। ਸਰਕਾਰਾਂ ਵੱਖ ਵੱਖ ਦਬਾਏ ਤਬਕਿਆਂ/ਵਰਗਾਂ ਨੂੰ ਇਕੱਲੇ ਇਕੱਲੇ ਨਜਿੱਠ ਲੈਂਦੀਆਂ ਹਨ ਪਰ ਦਲਿਤਾਂ, ਆਦਿਵਾਸੀਆਂ, ਔਰਤਾਂ ,ਕਿਸਾਨਾਂ , ਮਜ਼ਦੂਰਾਂ ਦੀ ਏਕਤਾ ਤੋਂ ਘਬਰਾਉਂਦੀਆਂ ਹਨ। ਸਾਰੀਆਂ ਸਰਕਾਰਾਂ ਲੋਕਾਂ ਤੋਂ ਵੋਟਾਂ ਹਾਸਲ ਕਰਦੀਆਂ ਹਨ ਤੇ ਮਗਰੋਂ ਅੰਬਾਨੀਆਂ, ਅਡਾਨੀਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਹਿੱਤ ਪੂਰਦੀਆਂ ਹਨ ।ਵਿਸ਼ਵ ਪ੍ਰਸਿੱਧੀ ਵਾਲੀ ਲੇਖਿਕਾ ਨੇ ਕਿਹਾ ਕਿ ਹੁਣ ਤਕ ਉਹ ਕਿਤਾਬਾਂ ਚ ਜੋ ਪੜ੍ਹਦੇ-ਪੜ੍ਹਾਉਂਦੇ ਆ ਰਹੇ ਸਨ, ਉਨ੍ਹਾਂ ਧਾਰਨਾਵਾਂ ਨੂੰ ਇਸ ਅੰਦੋਲਨ ਰਾਹੀਂ ਦੇਸ਼ ਨੇ ਦੇਖ ਲਿਆ ਹੈ।

Farmers Protest । Arundhati Roy speaks on Kisan Andolan Tikri Border ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ: ਅਰੁੰਧਤੀ ਰਾਏ

ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਸੰਘਰਸ਼ ਵਿੱਚ ਪੁੱਜੇ ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਦੇ ਮਹੱਤਵ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਖੇਤ ਮਜ਼ਦੂਰਾਂ 'ਤੇ ਸਭ ਤੋਂ ਵੱਧ ਮਾਰ ਕਰਨਗੇ। ਉਨ੍ਹਾਂ ਜ਼ੋਰ ਦਿੱਤਾ ਕਿ ਸੰਘਰਸ਼ ਨੂੰ ਜਿੱਤ ਦੇ ਫ਼ੈਸਲਾਕੁਨ ਅੰਜਾਮ ਤੱਕ ਪਹੁੰਚਾਉਣ ਲਈ ਖੇਤ ਮਜ਼ਦੂਰਾਂ ਦਾ ਸਾਥ ਅਣਸਰਦੀ ਲੋੜ ਹੈ। ਇਸ ਸਾਥ ਨਾਲ ਹੀ ਸਹੀ ਅਰਥਾਂ 'ਚ ਜੁਝਾਰ ਕਿਸਾਨ ਲਹਿਰ ਬਣ ਸਕਦੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਇਸ ਅੰਦੋਲਨ ਅੰਦਰ ਇੱਕ ਅਹਿਮ ਸੰਘਰਸ਼ਸ਼ੀਲ ਧਿਰ ਵਜੋਂ ਉਭਾਰਨ ਲਈ ਉਨ੍ਹਾਂ ਦੀ ਜਥੇਬੰਦੀ ਜ਼ੋਰਦਾਰ ਯਤਨ ਜੁਟਾ ਰਹੀ ਹੈ ਅਤੇ ਲੋਹੜੀ ਤੋਂ ਪੰਜਾਬ ਅੰਦਰ ਖੇਤ ਮਜ਼ਦੂਰ ਵਿਹੜਿਆਂ 'ਚ  ਵਿਸ਼ਾਲ ਜਨਤਕ ਲਾਮਬੰਦੀ ਦੀ ਮੁਹਿੰਮ ਦਾ ਦੂਜਾ ਗੇੜ ਸ਼ੁਰੂ ਕੀਤਾ ਜਾਵੇਗਾ।

Farmers Protest । Arundhati Roy speaks on Kisan Andolan Tikri Border ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ: ਅਰੁੰਧਤੀ ਰਾਏ

ਅੱਜ ਦੀ ਰੈਲੀ 'ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਜਥਾ ਵੀ ਸ਼ਾਮਲ ਹੋਇਆ। ਜਥੇਬੰਦੀ ਦੇ ਆਗੂ ਹੁਸ਼ਿਆਰ ਸਲੇਮਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਦਾ ਨਵੀਂਆਂ ਆਰਥਿਕ ਨੀਤੀਆਂ ਦਾ ਹਮਲਾ ਸਿਰਫ਼ ਖੇਤੀ ਖੇਤਰ 'ਚ ਨਹੀਂ ਹੈ ਇਹ ਇਸੇ ਵੇਲੇ ਸਨਅਤੀ ਮਜ਼ਦੂਰਾਂ ,ਵਿਦਿਆਰਥੀਆਂ ਤੇ ਮੁਲਾਜ਼ਮਾਂ ਸਮੇਤ ਸਭਨਾਂ ਮਿਹਨਤਕਸ਼ ਤਬਕਿਆਂ ਉੱਪਰ ਹੈ। ਉਸ ਨੇ ਕੌਮੀ ਸਿੱਖਿਆ ਨੀਤੀ ਦੀ ਚਰਚਾ ਕਰਦਿਆਂ ਕਿਹਾ ਕਿ ਇਹ ਸਿੱਖਿਆ ਖੇਤਰ 'ਚ ਨਿੱਜੀਕਰਨ ਦਾ ਹਮਲਾ ਹੈ। ਖੇਤੀ ਕਨੂੰਨਾਂ ਵਾਂਗ ਇਸ ਦਾ ਮਕਸਦ ਵੀ ਕਾਰਪੋਰੇਟਾਂ ਤੇ ਬਹੁਕੌਮੀ ਕੰਪਨੀਆਂ ਦੀ ਸੇਵਾ ਕਰਨਾ ਹੈ। ਇਸ ਸਮੁੱਚੇ ਲੋਕ ਧ੍ਰੋਹੀ ਨੀਤੀ ਹਮਲੇ ਦਾ ਸਭਨਾਂ ਤਬਕਿਆਂ ਨੂੰ ਰਲ ਕੇ ਵਿਰੋਧ ਕਰਨਾ ਚਾਹੀਦਾ ਹੈ।

Farmers Protest । Arundhati Roy speaks on Kisan Andolan Tikri Border ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ: ਅਰੁੰਧਤੀ ਰਾਏ

ਨੌਜਵਾਨ ਭਾਰਤ ਸਭਾ ਤਰਫ਼ੋਂ ਸੰਬੋਧਨ ਕਰਦਿਆਂ ਸੁਖਬੀਰ ਖੇਮੂਆਣਾ ਨੇ ਕਿਹਾ ਕਿ ਨੌਜਵਾਨਾਂ ਦਾ ਇਸ ਸੰਘਰਸ਼ ਅੰਦਰ ਮੋਹਰੀ ਰੋਲ ਹੈ। ਉਨ੍ਹਾਂ ਕਿਹਾ ਕਿ ਇਸ ਰੋਲ ਨੂੰ ਹੋਰ ਨਿਖਾਰਨ ਲਈ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਲੜ ਲੱਗਣਾ ਚਾਹੀਦਾ ਹੈ ਤੇ ਉਸ ਵੱਲੋਂ ਬੁਲੰਦ ਕੀਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਇਸ ਅੰਦੋਲਨ ਅੰਦਰ ਪੂਰੇ ਜ਼ੋਰ ਨਾਲ ਗੁੰਜਾਉਣ ਦੀ ਲੋੜ ਹੈ ਕਿਉਂਕਿ ਮੌਜੂਦਾ ਖੇਤੀ ਕਨੂੰਨ ਸਾਮਰਾਜ ਦੇ ਮੁਲਕ 'ਤੇ ਗਲਬੇ ਦਾ ਹੀ ਸਿੱਟਾ ਹਨ। ਇਸ ਲਈ ਹਰ ਤਰ੍ਹਾਂ ਦੀਆਂ ਲੜਾਈਆਂ ਨੂੰ ਸਾਮਰਾਜਵਾਦ ਖ਼ਿਲਾਫ਼ ਸੇਧਿਤ ਕਰਨ ਦੀ ਲੋੜ ਹੈ ਜਿਸ ਲਈ  ਭਗਤ ਸਿੰਘ ਰਸਤਾ ਦਿਖਾਉਂਦਾ ਹੈ।

-PTCNews

Related Post