ਫਿਰੋਜ਼ਪੁਰ ’ਚ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨਿੰਦਣਯੋਗ : ਭਾਈ ਲੌਂਗੋਵਾਲ

By  Shanker Badra September 1st 2018 03:39 PM

ਫਿਰੋਜ਼ਪੁਰ ’ਚ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨਿੰਦਣਯੋਗ :ਭਾਈ ਲੌਂਗੋਵਾਲ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਿਰੋਜ਼ਪੁਰ ’ਚ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਦਾ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਇਹ ਅਤੀ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਾ ਪਰਿਵਾਰ ਗੁਰਬਾਣੀ ਤੋਂ ਏਨਾ ਅਨਜਾਣ ਹੋਵੇ ਕਿ ਉਹ ਗੁਟਕਾ ਸਾਹਿਬ ਦੇ ਅੰਗਾਂ ਵਿਚ ਬੱਚਿਆਂ ਨੂੰ ਰੋਟੀ ਪੈਕ ਕਰ ਦੇਵੇ ਇਹ ਕਦਾਚਿਤ ਸਹਿਣਯੋਗ ਨਹੀਂ।ਗ੍ਰੰਥੀ ਸਿੰਘ ਦੀ ਪਤਨੀ ਵੱਲੋਂ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ ਕਿਸੇ ਤਰ੍ਹਾਂ ਵੀ ਸਹਿਣਯੋਗ ਨਹੀਂ ਹੈ।

ਭਾਈ ਲੌਂਗੋਵਾਲ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਸਖ਼ਤੀ ਨਾਲ ਪੁਛਗਿੱਛ ਕਰਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਕਿ ਇਸ ਘਟਨਾ ਪਿੱਛੇ ਛਿਪੇ ਮਕਸਦ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾ ਸਕੇ। ਭਾਈ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ, ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਸੰਗਤਾਂ ਨੂੰ ਸੁਚੇਤ ਕਰਨ।

ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਕਿਹਾ ਕਿ ਆਪਣੇ ਸ਼ਹਿਰ, ਕਸਬਿਆਂ ਤੇ ਪਿੰਡਾਂ ਵਿਚ ਗੁਰੂ ਘਰਾਂ ਦੀ ਪੂਰਨ ਸੁਚੇਤਤਾ ਤੇ ਜ਼ਿੰਮੇਵਾਰੀ ਨਾਲ ਨਿਗਰਾਨੀ ਰੱਖੀ ਜਾਵੇ।ਖਾਸਕਰ ਅਜਿਹੇ ਮਾਹੌਲ ਵਿਚ ਤਾਂ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਵਿਚ ਫਿਰਕਿਆਂ ਦੀ ਆਪਸੀ ਸਾਂਝ ਨੂੰ ਤੋੜਨ ਲਈ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।

-PTCNews

Related Post