ਸਰਕਾਰ ਨੇ 747 ਵੈੱਬਸਾਈਟਾਂ, 94 ਯੂਟਿਊਬ ਚੈਨਲਾਂ 'ਤੇ ਲਾਈ ਪਾਬੰਦੀ

By  Jasmeet Singh July 21st 2022 06:17 PM

ਨਵੀਂ ਦਿੱਲੀ, 21 ਜੁਲਾਈ: ਭਾਰਤ ਸਰਕਾਰ ਨੇ ਸਾਲ 2021-22 ਦੌਰਾਨ 747 ਵੈੱਬਸਾਈਟਾਂ, 94 ਯੂਟਿਊਬ ਚੈਨਲਾਂ ਅਤੇ 19 ਸੋਸ਼ਲ ਮੀਡੀਆ ਖਾਤਿਆਂ 'ਤੇ ਦੇਸ਼ ਦੇ ਹਿੱਤਾਂ ਵਿਰੁੱਧ ਕੰਮ ਕਰਨ ਲਈ ਪਾਬੰਦੀ ਲਗਾ ਦਿੱਤੀ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਠਾਕੁਰ ਨੇ ਕਿਹਾ ਕਿ ਮੰਤਰਾਲੇ ਨੇ 94 ਯੂਟਿਊਬ ਚੈਨਲਾਂ, 19 ਸੋਸ਼ਲ ਮੀਡੀਆ ਖਾਤਿਆਂ ਅਤੇ 747 ਯੂਆਰਐਲਾਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ।

ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 69ਏ ਤਹਿਤ ਕੀਤੀ ਗਈ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਦੇਸ਼ ਦੀ ਪ੍ਰਭੂਸੱਤਾ ਦੇ ਵਿਰੁੱਧ ਕੰਮ ਕਰਨ ਵਾਲੀਆਂ ਏਜੰਸੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਜੋ ਇੰਟਰਨੈਟ 'ਤੇ ਜਾਅਲੀ ਖ਼ਬਰਾਂ ਅਤੇ ਪ੍ਰਚਾਰ ਫੈਲਾਉਂਦੀਆਂ ਹਨ।

-PTC News

Related Post