ਲੰਗਰ ’ਤੇ ਜੀ.ਐਸ.ਟੀ. ਦਾ ਮਾਮਲਾ, ਕੇਂਦਰ ਸਰਕਾਰ ਅੜੀਅਲ ਵਤੀਰਾ ਛੱਡੇ -ਭਾਈ ਲੌਂਗੋਵਾਲ

By  Joshi April 27th 2018 07:34 PM

ਲੰਗਰ ’ਤੇ ਜੀ.ਐਸ.ਟੀ. ਦਾ ਮਾਮਲਾ, ਕੇਂਦਰ ਸਰਕਾਰ ਅੜੀਅਲ ਵਤੀਰਾ ਛੱਡੇ -ਭਾਈ ਲੌਂਗੋਵਾਲ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਧਾਰਮਿਕ ਅਸਥਾਨਾਂ ਦੇ ਲੰਗਰਾਂ ਦੀਆਂ ਰਸਦਾਂ ਨੂੰ ਜੀ.ਐਸ.ਟੀ. ਤੋਂ ਕਿਸੇ ਕਿਸਮ ਦੀ ਰਾਹਤ ਨਾ ਦੇਣ ਦੀ ਮਨਸ਼ਾ ਨੂੰ ਪ੍ਰਮਾਣਿਤ ਕਰਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਕੇ ਲੰਗਰਾਂ ਦੀਆਂ ਰਸਦਾਂ ਨੂੰ ਜੀ.ਐਸ.ਟੀ. ਛੋਟ ਦੇਣ ਤੋਂ ਇਨਕਾਰ ਕਰਨਾ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਲੰਗਰ ਦੀਆਂ ਰਸਦਾਂ ਨੂੰ ਜੀ.ਐਸ.ਟੀ. ਮੁਕਤ ਕਰਨ ਨਾਲ ਟੈਕਸ ਚੋਰੀ ਦਾ ਤਰਕ ਬਿਲਕੁਲ ਜਾਇਜ਼ ਨਹੀਂ ਮੰਨਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਵਿਚ ਚੱਲਦੇ ਗੁਰੂ ਕੇ ਲੰਗਰਾਂ ਦੀ ਪ੍ਰੰਪਰਾ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਜੀ.ਐਸ.ਟੀ. ਲਗਾਏ ਰੱਖਣ ਦਾ ਅੜੀਅਲ ਵਤੀਰਾ ਸਮਝ ਤੋਂ ਬਾਹਰ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਦੇਸ਼ ਅੰਦਰ ਧਾਰਮਿਕ ਵਿਸ਼ਵਾਸਾਂ, ਮਾਨਤਾਵਾਂ ਅਤੇ ਧਾਰਮਿਕ ਅਕੀਦਿਆਂ ਨੂੰ ਸਮਝਣਾ ਦੇਸ਼ ਦੀਆਂ ਸਰਕਾਰਾਂ ਦਾ ਮੁੱਢਲਾ ਫ਼ਰਜ਼ ਹੈ, ਪਰ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਸਰਕਾਰ ਇਸ ਗੱਲ ਨੂੰ ਸਮਝ ਨਹੀਂ ਰਹੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਸਲੇ ’ਤੇ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧ ਵਿਚ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਪੱਤਰ ਵੀ ਲਿਖਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਲਿਖੇ ਜਾ ਚੁੱਕੇ ਹਨ ਪੱਤਰ:

ਗੁਰੂ ਘਰਾਂ ਵਿਚ ਵਰਤਾਏ ਜਾਂਦੇ ਲੰਗਰਾਂ ਦੀਆਂ ਰਸਦਾਂ ਸਮੇਤ ਹੋਰ ਲੋੜੀਂਦੇ ਸਮਾਨ ਤੋਂ ਜੀ.ਐਸ.ਟੀ. ਖਤਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੈਕਸ ਲੱਗਣ ਦੇ ਸਮੇਂ ਤੋਂ ਹੀ ਆਵਾਜ਼ ਉਠਾਈ ਜਾਂਦੀ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਗ੍ਰਹਿ ਮੰਤਰੀ ਤੋਂ ਇਲਾਵਾ ਸੰਸਦ ਮੈਂਬਰਾਂ ਸਮੇਤ ਹੋਰਾਂ ਨੂੰ ਪੱਤਰ ਲਿਖੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੇ ਮਹੀਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਪਾਸ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਹ ਮਾਮਲਾ ਉਠਾਇਆ ਗਿਆ ਸੀ।

—PTC News

Related Post