ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਰਟੇਬਲ ਰੇਡੀਓ ਸੰਗਤ ਅਰਪਣ , IHA ਫਾਊਂਡੇਸ਼ਨ ਨੇ ਕੀਤਾ ਇਹ ਉਪਰਾਲਾ

By  Shanker Badra October 16th 2019 08:40 AM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋਰਟੇਬਲ ਰੇਡੀਓ ਸੰਗਤ ਅਰਪਣ , IHA ਫਾਊਂਡੇਸ਼ਨ ਨੇ ਕੀਤਾ ਇਹ ਉਪਰਾਲਾ:ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਆਈ.ਐਚ.ਏ. ਫਾਊਂਡੇਸ਼ਨ ਕਲਕੱਤਾ ਅਤੇ ਸ਼ਿਮਾਰੂ ਕੰਪਨੀ ਵੱਲੋਂ ‘ਅੰਮ੍ਰਿਤਬਾਣੀ’ ਨਾਂ ਦਾ ਪੋਰਟੇਬਲ ਰੇਡੀਓ ਸੰਗਤ ਅਰਪਣ ਕੀਤਾ ਗਿਆ ਹੈ। ਇਸ ਦਾ ਸ਼ੁਭ ਆਰੰਭ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ ਰਾਗ ਦਰਬਾਰ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਆਈ.ਐਚ.ਏ. ਦੇ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਆਈ.ਐਚ.ਏ. ਫਾਊਂਡੇਸ਼ਨ ਦੇ ਚੇਅਰਮੈਨ ਸ. ਸਤਨਾਮ ਸਿੰਘ ਆਹਲੂਵਾਲੀਆ ਅਤੇ ਸ਼ਿਮਾਰੂ ਕੰਪਨੀ ਦੇ ਬੱਬਲੀ ਸਿੰਘ ਨੇ ਦੱਸਿਆ ਕਿ ਇਹ ਪੋਰਟੇਬਲ ਰੇਡੀਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਘਰ-ਘਰ ਤੱਕ ਗੁਰਬਾਣੀ ਪਹੁੰਚਾਉਣ ਦੇ ਮੰਤਵ ਨਾਲ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਚ ਸੱਤ ਸੌ ਤੋਂ ਵੱਧ ਵੱਖ-ਵੱਖ ਪੰਥ ਪ੍ਰਸਿੱਧ ਰਾਗੀਆਂ ਦੇ ਗਾਇਨ ਕੀਤੇ ਗਏ ਸ਼ਬਦ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਾਵਨ ਬਾਣੀਆਂ ਦਾ ਪਾਠ ਵੀ ਮੌਜੂਦ ਹੈ। ਇਸ ਵਿਚ ਦਰਜ਼ ਗੁਰਬਾਣੀ ਕੀਰਤਨ 200 ਘੰਟਿਆਂ ਤੋਂ ਵੱਧ ਵੀ ਨਿਰੰਤਰ ਜਾਰੀ ਰਹਿ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਬਘੇਲ ਸਿੰਘ ਆਦਿ ਮੌਜੂਦ ਸਨ।

-PTCNews

Related Post