ਨੌਜਵਾਨ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਣ ਦਾ ਮਾਮਲਾ :ਹਾਈਕੋਰਟ ਵੱਲੋਂ ਡੀਐੱਸਪੀ ਸਮੇਤ 8 ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ

By  Shanker Badra August 8th 2018 01:42 PM

ਨੌਜਵਾਨ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਣ ਦਾ ਮਾਮਲਾ :ਹਾਈਕੋਰਟ ਵੱਲੋਂ ਡੀਐੱਸਪੀ ਸਮੇਤ 8 ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ:ਹੁਸ਼ਿਆਰਪੁਰ 'ਚ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ਼ੈਰ ਕਾਨੂੰਨੀ ਹਿਰਾਸਤ 'ਚ ਰੱਖਣ ਦੇ ਮਾਮਲੇ ਵਿੱਚ ਉਕਤ ਨੌਜਵਾਨ ਨੂੰ ਇਨਸਾਫ ਮਿਲ ਗਿਆ ਹੈ।ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਸ਼ਿਆਰਪੁਰ ਦੇ ਉਸ ਸਮੇਂ ਦੇ ਡੀਐੱਸਪੀ ਸਮੀਰ ਵਰਮਾ, ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਬਿਕਰਮਜੀਤ ਸਿੰਘ ,ਸਬ ਇੰਸਪੈਕਟਰ ਰਾਜੇਸ਼ ਅਰੋੜਾ ,ਏਐੱਸਆਈ ਅਸ਼ੋਕ ਕੁਮਾਰ, ਏ ਐੱਸ ਆਈ ਮਹੇਸ਼ ਕੁਮਾਰ ,ਹੌਲਦਾਰ ਦਵਿੰਦਰ ਸਿੰਘ ਤੇ ਕਾਂਸਟੇਬਲ ਬਲਜੀਤ ਸਿੰਘ ਆਦਿ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ 21 ਮਈ 2016 ਨੂੰ ਬਜਵਾੜਾ ਸਥਿਤ ਪੰਜਾਬ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਦੇ ਇੱਕ ਵਿਦਿਆਰਥੀ ਮਨਪ੍ਰੀਤ ਮੰਨਾ ਦਾ ਕਤਲ ਹੋ ਗਿਆ ਸੀ।ਇਸ ਮਾਮਲੇ 'ਚ ਪੁਲਿਸ ਨੇ ਨੌਜਵਾਨ ਅਤੁੱਲ ਸ਼ਰਮਾ ਅਤੇ ਦੋ ਹੋਰ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ ,ਜਿਨ੍ਹਾਂ ਨੂੰ ਬਾਅਦ ਵਿੱਚ ਹਾਈ ਕੋਰਟ ਦੇ ਵਾਰੰਟ ਅਫ਼ਸਰ ਨੇ ਥਾਣੇ ਤੋਂ ਛੁਡਵਾਇਆ ਸੀ।ਹਾਈ ਕੋਰਟ ਦੇ ਵਾਰੰਟ ਅਫ਼ਸਰ ਦੀ ਰਿਪੋਰਟ ਤੇ ਇਸ ਕੇਸ ਦੀ ਜਾਂਚ ਮਾਨਯੋਗ ਹਾਈਕੋਰਟ ਨੇ ਰਜਿਸਟਰਾਰ ਵਿਜੀਲੈਂਸ ਨੂੰ ਕਰਨ ਦੇ ਹੁਕਮ ਦਿੱਤੇ ਸਨ।ਰਿਪੋਰਟ 'ਚ ਇਹ ਵੀ ਪੁਸ਼ਟੀ ਕੀਤੀ ਗਈ ਕਿ ਨੌਜਵਾਨ ਨੂੰ ਗ਼ੈਰ ਕਾਨੂੰਨੀ ਹਿਰਾਸਤ 'ਚ ਰੱਖ ਕੇ ਥਰਡ ਡਿਗਰੀ ਦਾ ਤਸ਼ੱਦਦ ਵੀ ਕੀਤਾ ਗਿਆ।

ਮਾਣਯੋਗ ਹਾਈਕੋਰਟ ਦੇ ਜੱਜ ਦਇਆ ਚੌਧਰੀ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਨੂੰ ਹਦਾਇਤ ਕੀਤੀ ਕਿ ਵਿਜੀਲੈਂਸ ਦੀ ਜਾਂਚ ਰਿਪੋਰਟ ਤੇ ਫੈਸਲੇ ਨੂੰ ਚਾਰ ਹਫਤਿਆਂ 'ਚ ਲਾਗੂ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।ਇਸ ਮਾਮਲੇ ਦੀ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ।

-PTCNews

Related Post