ਹਾਕੀ ਖਿਡਾਰੀ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਗੰਭੀਰ , ਵੈਂਟੀਲੇਟਰ ਨਾਲ ਦਿੱਤਾ ਜਾ ਰਿਹੈ ਸਾਹ

By  Shanker Badra May 13th 2020 11:26 AM

ਹਾਕੀ ਖਿਡਾਰੀ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਗੰਭੀਰ , ਵੈਂਟੀਲੇਟਰ ਨਾਲ ਦਿੱਤਾ ਜਾ ਰਿਹੈ ਸਾਹ:ਚੰਡੀਗੜ੍ਹ : ਹਾਕੀ ਦੇ ਮਹਾਨ ਸੀਨੀਅਰ ਖਿਡਾਰੀ ਤੇ ਉਲੰਪਿਕ 'ਚ ਤਿੰਨ ਵਾਰ ਦੇ ਸੋਨ ਤਮਗ਼ਾ ਜੇਤੂ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਨੂੰ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਲਬੀਰ ਸਿੰਘ ਸੀਨੀਅਰ ਪਹਿਲਾਂ ਤੋਂ ਹੀ ਹਸਪਤਾਲ ਭਰਤੀ ਹਨ ਅਤੇ ਪਹਿਲਾਂ ਵੀ ਉਨ੍ਹਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਸੀ।

ਬਲਬੀਰ ਸਿੰਘ ਸੀਨੀਅਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹਨ, ਮੰਗਲਵਾਰ ਨੂੰ ਹਾਲਤ ਉਸ ਸਮੇਂ ਹੋਰ ਵਿਗੜ ਗਈ ਜਦੋਂ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ। ਫਿਲਹਾਲ ਉਹ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ ਅਤੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਚਿੰਤਾਜਨਕ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਦੀ ਸਹਾਇਤਾ ਨਾਲ ਸਾਹ ਦਿੱਤਾ ਜਾ ਰਿਹਾ ਹੈ।

ਬਲਬੀਰ ਸਿੰਘ ਨੂੰ ਨਿਮੋਨੀਆ ਦੀ ਸ਼ਿਕਾਇਤ ਤੋਂ ਬਾਅਦ ਸ਼ੁਕਰਵਾਰ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਸੀ। ਡਾਕਟਰਾਂ ਵਲੋਂ ਉਨ੍ਹਾਂ ਦੇ ਕੋਰੋਨਾ ਟੈਸਟ ਵੀ ਲਏ ਗਏ ਸਨ ਪਰ ਉਨ੍ਹਾਂ ਦੀ ਰੀਪੋਰਟ ਨੈਗੇਟਿਵ ਆਈ ਸੀ।

ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੇ ਲੰਡਨ, ਹੇਲਸਿੰਕੀ ਅਤੇ ਮੈਲਬੋਰਨ ਉਲੰਪਿਕ 'ਚ ਭਾਰਤ ਨੂੰ ਸੋਨ ਤਮਗ਼ਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ 1952 ਵਿਚ ਨੀਦਰਲੈਂਡ ਦੇ ਖਿਲਾਫ ਫਾਈਨਲ 'ਚ ਭਾਰਤ ਦੀ 6-1 ਦੀ ਜਿੱਤ ਵਿਚ 5 ਗੋਲ ਦਾਗ਼ੇ ਸਨ ਅਤੇ ਇਹ ਰੀਕਾਰਡ ਹਾਲੇ ਵੀ ਬਰਕਰਾਰ ਹੈ।

ਦੱਸ ਦੇਈਏ ਕਿ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਹਾਨ ਖਿਡਾਰੀ ਹਨ ਅਤੇ ਓਲੰਪਿਕ 1948, 1952 ਅਤੇ 1956 ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਹਨ। ਉਹ 1956 ਓਲੰਪਿਕ ਵਿਚ ਭਾਰਤੀ ਟੀਮ ਦੇ ਕਪਤਾਨ ਵੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ 1957 ਵਿਚ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਸੀ।

-PTCNews

Related Post