ਅਵਾਰਾ ਕੁੱਤਿਆਂ ਦਾ ਖੌਫ਼, ਸਕੂਲ ਬੱਸ 'ਚ ਚੜ੍ਹ ਰਹੀ ਮਹਿਲਾ ਨੂੰ ਕੱਟਿਆ

By  Joshi October 8th 2018 07:37 PM

ਅਵਾਰਾ ਕੁੱਤਿਆਂ ਦਾ ਖੌਫ਼, ਸਕੂਲ ਬੱਸ 'ਚ ਚੜ੍ਹ ਰਹੀ ਮਹਿਲਾ ਨੂੰ ਕੱਟਿਆ

ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਕਾਫੀ ਭੈਅ ਭੀਤ ਹਨ ਅਤੇ ਇਸ ਸਾਲ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਸੈਂਕੜੇ ਵਿਅਕਤੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਜਾਣਾ ਪਿਆ ਹੈ। ਹਾਲਾਂਕਿ ਸ਼ਹਿਰ ਦੇ ਵੱਖ ਵੱਖ ਕੌਂਸਲਰਾਂ ਵੱਲੋਂ ਮੁਹਾਲੀ ਨਗਰ ਨਿਗਮ ਦੀ ਮੀਟਿੰਗਾਂ ਦੌਰਾਨ ਆਵਾਰਾ ਕੁੱਤਿਆਂ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਚੁੱਕਿਆਂ ਜਾਂਦਾ ਰਿਹਾ ਹੈ ਪ੍ਰੰਤੂ ਮੁਹਾਲੀ ਸਿਵਲ ਅਤੇ ਨਿਗਮ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿੱਚ ਸੁੱਤੇ ਪਏ ਹਨ।

ਅੱਜ ਮੋਹਾਲੀ ਦੇ ਫੇਜ਼-11 ਦੀ ਵਸਨੀਕ ਇੱਕ ਮਹਿਲਾ ਅਧਿਆਪਕ ਸਮਿੰਦਰ ਕੌਰ ਨੂੰ ਆਵਾਰਾ ਕੁੱਤੇ ਨੇ ਕੱਟ ਲਿਆ। ਜਿਸ ਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਸਮਿੰਦਰ ਕੌਰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਵਾੜਾ ਵਿੱਚ ਬੱਚਿਆਂ ਨੂੰ ਪੜਾਉਂਦੀ ਹੈ।

ਹੋਰ ਪੜ੍ਹੋ: ਜੰਮੂ ਕਸ਼ਮੀਰ ‘ਚ ਸੜਕ ਹਾਦਸੇ ਦੌਰਾਨ ਸੀਆਰਪੀਐਫ਼ ਦੇ 19 ਜਵਾਨ ਹੋਏ ਜ਼ਖ਼ਮੀ

ਅੱਜ ਉਹ ਰੋਜ਼ਾਨਾ ਵਾਂਗ ਸਥਾਨਕ ਫੇਜ਼-10 ਸਥਿਤ ਗੁਰਦੁਆਰਾ ਚਰਨ ਕਮਲ ਸਾਹਿਬ ਨੇੜੇ ਸਕੂਲ ਬੱਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਸਮਿੰਦਰ ਕੌਰ ਸਕੂਲ ਬੱਸ ਦੀ ਤਾਕੀ ਖੋਲ੍ਹ ਚੜ੍ਹਨ ਲੱਗੀ ਤਾਂ ਏਨੇ ਵਿੱਚ ਅਚਾਨਕ ਕਿਧਰੋਂ ਆਵਾਰਾ ਕੁੱਤਾ ਉੱਥੇ ਆ ਗਿਆ ਅਤੇ ਅਧਿਆਪਕਾਂ ਦੀ ਸੱਜੀ ਲੱਤ ਫੜ ਲਈ ਅਤੇ ਉਸ ਨੂੰ ਗਿੱਟੇ ਤੋਂ ਕੱਟ ਲਿਆ। ਜਿਸ ਕਾਰਨ ਮਹਿਲਾ ਅਧਿਆਪਕ ਬੱਸ ’ਚੋਂ ਥੱਲੇ ਡਿੱਗਣ ਤੋਂ ਬੜੀ ਮੁਸ਼ਕਲ ਨਾਲ ਬਚੀ।

ਮਹਿਲਾ ਅਧਿਆਪਕ ਦੀ ਚੀਕ ਸੁਣ ਕੇ ਚਾਲਕ ਨੇ ਤੁਰੰਤ ਬੱਸ ਰੋਕ ਲਈ ਅਤੇ ਜਿਵੇਂ ਹੀ ਚਾਲਕ ਅਤੇ ਕਲੀਨਰ ਥੱਲੇ ਉੱਤਰੇ ਤਾਂ ਆਵਾਰਾ ਕੁੱਤਾ ਉੱਥੋਂ ਭੱਜ ਗਿਆ।ਮੁਹਾਲੀ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਿੱਚ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਜ਼ਖ਼ਮੀ ਹੋਏ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਸਾਲ ਪਿਛਲੇ 9 ਮਹੀਨਿਆਂ ਵਿੱਚ ਹੁਣ ਤੱਕ ਲਗਭਗ 225 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਦਾਜ਼ਨ ਹਰੇਕ ਮਹੀਨੇ ਆਵਾਰਾ ਕੁੱਤੇ ਦੇ ਕੱਟਣ ਨਾਲ ਜ਼ਖ਼ਮੀ ਹੋਏ 24 ਤੋਂ 25 ਵਿਅਕਤੀ ਹਸਪਤਾਲ ਵਿੱਚ ਇਲਾਜ ਵਿੱਚ ਆਉਂਦੇ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਐਂਟੀ ਰੈਬੀਜ਼ ਵੈਕਸੀਨ ਉਪਲਬਧ ਹੈ।

—PTC News

Related Post