NASA ਦੇ ਪੁਲਾੜ ਪ੍ਰੋਜੈਕਟਾਂ 'ਚ ਲੱਗਣਗੀਆਂ ਭਾਰਤੀਆਂ ਦੀਆਂ ਬਣਾਈਆਂ ਅਤਿ-ਆਧੁਨਿਕ ਬੈਟਰੀਆਂ

By  Panesar Harinder September 4th 2020 05:28 PM

ਵਾਸ਼ਿੰਗਟਨ - ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਭਾਰਤੀ ਸਾਇੰਸਦਾਨਾਂ ਦੀ ਇੱਕ ਟੀਮ ਨੇ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਭਾਰਤੀ ਸਾਇੰਸਦਾਨਾਂ ਦੀ ਇੱਕ ਟੀਮ ਨੇ ਨਾਸਾ ਲਈ ਵਜ਼ਨ ਵਿੱਚ ਹਲਕੀਆਂ ਅਤੇ ਜਲਦ ਚਾਰਜ ਹੋਣ ਵਾਲੀਆਂ ਬੈਟਰੀਆਂ ਬਣਾਈਆਂ ਹਨ। ਇਨ੍ਹਾਂ ਬੈਟਰੀਆਂ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਪੇਸ ਸੂਟ ਲਈ ਬਹੁਤ ਹੀ ਜ਼ਿਆਦਾ ਅਨੁਕੂਲ ਹਨ ਅਤੇ ਇੱਥੋਂ ਤੱਕ ਕਿ ਇਹ ਮੰਗਲ ਦੇ ਰੋਵਰ ਲਈ ਵੀ ਬਿਲਕੁਲ ਢੁਕਵੀਆਂ ਹਨ।

Indian batteries to be used in NASA space projects

ਸਾਊਥ ਕੈਰੋਲਿਨਾ ਦੀ ਕਲੈਮਸਨ ਯੂਨੀਵਰਸਿਟੀ (Clemson University) ਦੇ ਕਲੈਮਸਨ ਨੈਨੋਮਟੀਰੀਅਲਸ ਇੰਸਟੀਚਿਊਟ (Clemson Nanomaterials Institute) ਦੇ ਸ਼ੈਲੇਂਦਰ ਚਿਲੂਵਾਲ, ਨਵਰਾਜ ਸਾਪਕੋਤਾ, ਅੱਪਾਰਾਵ ਐਮ ਰਾਓ ਅਤੇ ਰਾਮ ਕ੍ਰਿਸ਼ਨ ਪੋਡਿਲਾ, ਇਨ੍ਹਾਂ ਅਤਿ-ਆਧੁਨਿਕ ਬੈਟਰੀਆਂ ਬਣਾਉਣ ਵਾਲੀ ਟੀਮ ਦੇ ਮੈਂਬਰ ਹਨ। ਕਾਲਜ ਆਫ਼ ਸਾਇੰਸ ਦੇ ਫਿਜ਼ੀਕਸ ਤੇ ਐਸਟਰਾਨੌਮੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਪੋਡਿਲਾ ਦਾ ਕਹਿਣਾ ਹੈ, ਕਿ ਇਹ ਨਵੀਂ ਕ੍ਰਾਂਤੀਕਾਰੀ ਬੈਟਰੀਆਂ ਜਲਦ ਹੀ ਅਮਰੀਕਾ ਦੇ ਸੈਟੇਲਾਈਟਸ ਵਿੱਚ ਵਰਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੈਟੇਲਾਈਟ ਸੂਰਜ ਤੋਂ ਊਰਜਾ ਲੈਂਦੇ ਹਨ, ਪਰ ਸੈਟੇਲਾਈਟ ਵਿੱਚ ਵੀ ਊਰਜਾ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ।

Indian batteries to be used in NASA space projects

ਸੀਐੱਨਆਈ (Clemson Nanomaterials Institute) ਦੇ ਡਾਇਰੈਕਟਰ ਅਤੇ ਨਾਸਾ ਦੇ ਸੀਨੀਅਰ ਖੋਜਕਰਤਾ ਅੱਪਾਰਾਵ ਐਮ ਰਾਓ ਦਾ ਕਹਿਣਾ ਹੈ ਕਿ ਨਵੀਆਂ ਬੈਟਰੀਆਂ ਜਲਦੀ ਹੀ ਇਲੈਕਟ੍ਰਾਨਿਕ ਵਾਹਨਾਂ 'ਚ ਵੀ ਲਾਈਆਂ ਜਾਣਗੀਆਂ। ਪੋਡਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦਾ ਅਗਲਾ ਟੀਚਾ ਉਦਯੋਗਿਕ ਭਾਈਵਾਲਾਂ ਨਾਲ ਮਿਲ ਕੇ ਇਸ ਲੈਬ ਆਧਾਰਤ ਤਕਨੀਕ ਨੂੰ ਬਾਜ਼ਾਰ ਉਪਯੋਗੀ ਤਕਨੀਕ ਵਿੱਚ ਬਦਲਣਾ ਹੈ।ਭਾਰਤੀ ਵਿਗਿਆਨੀਆਂ ਦੀ ਟੀਮ ਦੀ ਇਸ ਪ੍ਰਾਪਤੀ ਦੀ ਅਮਰੀਕੀ ਭਾਰਤੀਆਂ ਦੇ ਨਾਲ ਨਾਲ, ਵਿਗਿਆਨ ਅਤੇ ਤਕਨਾਲੋਜੀ ਖੇਤਰ ਨਾਲ ਜੁੜੇ ਦੁਨੀਆ ਭਰ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।Indian batteries to be used in NASA space projects

Related Post