ਖੇਡ ਪ੍ਰੇਮੀਆਂ ਨੂੰ ਸਦਮਾ, ਨਹੀਂ ਰਹੇ ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ

By  Shanker Badra May 12th 2020 01:18 PM

ਖੇਡ ਪ੍ਰੇਮੀਆਂ ਨੂੰ ਸਦਮਾ, ਨਹੀਂ ਰਹੇ ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ:ਚੰਡੀਗੜ੍ਹ : ਪੰਜਾਬੀਆਂ ਦੀ ਮਾਂ ਖੇਡ ਕਬੱਡੀ ਜਗਤ ਲਈ ਬੜੀ ਹੀ ਦੁੱਖਦਾਈ ਅਤੇ ਡੂੰਘੇ ਸਦਮੇ ਵਾਲੀ ਖ਼ਬਰ ਹੈ। ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਕਬੱਡੀ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨ ਤੇ ਆਪਣੀ ਸਮੁੱਚੀ ਜ਼ਿੰਦਗੀ ਕਬੱਡੀ ਦੇ ਲੇਖੇ ਲਾਉਣ ਵਾਲੇ ਮਹਿੰਦਰ ਸਿੰਘ ਮੌੜ (ਕਾਲਾ ਸੰਘਿਆਂ) ਅੱਜ ਜ਼ਿੰਦਗੀ ਦੀ ਜੰਗ ਹਾਰ ਗਏ ਹਨ।

ਉਹ 88 ਵਰ੍ਹਿਆਂ ਦੇ ਸਨ ਤੇ 1958 ਤੋਂ ਯੂ.ਕੇ. 'ਚ ਰਹਿ ਰਹੇ ਸਨ। ਕਬੱਡੀ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਦੀ ਮੌਤ ਦੀ ਖਬਰ ਦੇਸ਼ਾਂ-ਵਿਦੇਸ਼ਾਂ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਤੇ ਖੇਡ ਪ੍ਰਮੋਟਰਾਂ, ਸਪੋਰਟਸ ਕਲੱਬਾਂ, ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਮਹਿੰਦਰ ਸਿੰਘ ਮੌੜ ਅੱਜ ਸਵੇਰੇ ਕਰੀਬ 7:35 ਵਜੇ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਯੂ.ਕੇ. ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ 13 ਮਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕਾਲਾ ਸੰਘਿਆਂ ਵਿਖੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਦੱਸ ਦੇਈਏ ਕਿ ਮੌੜ ਕਬੱਡੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਸਾਰੀ ਉਮਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਲੇਖੇ ਲਾਈ ਹੈ। ਉਨ੍ਹਾਂ ਨੇ ਕਈ ਦਹਾਕੇ ਯੂ.ਕੇ. 'ਚ ਕਬੱਡੀ ਨੂੰ ਪ੍ਰਫੁਲਤ ਕਰਨ ਲਈ ਅਹਿਮ ਯੋਗਦਾਨ ਪਾਇਆ। ਮਹਿੰਦਰ ਸਿੰਘ ਮੌੜ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ 'ਚ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਹੈ। ਮਹਿੰਦਰ ਸਿੰਘ ਮੌੜ ਆਪਣੇ ਪਿੱਛੇ ਤਿੰਨ ਲੜਕੀਆਂ ਤੇ ਦੋ ਲੜਕੇ ਛੱਡ ਗਏ ਹਨ।

-PTCNews

Related Post