ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 22 ਮਾਰਚ ਤੋਂ ਮੁਕੰਮਲ ਬੰਦ, ਲੋਕਾਂ ਨੂੰ ਇਕੱਠ ਕਰਨ ਦੀ ਮਨਾਹੀ

By  Jashan A March 21st 2020 10:40 PM -- Updated: March 21st 2020 10:47 PM

ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 22 ਮਾਰਚ ਤੋਂ ਮੁਕੰਮਲ ਬੰਦ, ਲੋਕਾਂ ਨੂੰ ਇਕੱਠ ਕਰਨ ਦੀ ਮਨਾਹੀ

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੂੰ ਰੋਕਣਾ ਮੁੱਖ ਮੰਤਵ

ਜਲੰਧਰ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਨੂੰ ਮੁਕੰਮਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਦੌਰਾਨ ਕਿਸੇ ਦੀ ਆਉਣ-ਜਾਣ ਅਤੇ ਇਕੱਠ ਕਰਨ ਦੀ ਮਨਾਹੀ ਹੋਵੇਗੀ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ.ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮੁਕੰਮਲ  ਬੰਦ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 25 ਮਾਰਚ ਦਿਨ ਬੁੱਧਵਾਰ ਦੀ ਅੱਧੀ ਰਾਤ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਮੁਕੰਮਲ ਬੰਦ ਦੌਰਾਨ ਜ਼ਿਲ੍ਹੇ ਵਿੱਚ ਵਪਾਰਕ ਸੰਸਥਾਵਾਂ ਨੂੰ ਮੁਕੰਮਲ ਬੰਦ ਰੱਖਿਆ ਜਾਵੇ

ਅਤੇ ਲੋਕ ਹਿੱਤ ਲਈ ਕੁਝ ਸੰਸਥਾਵਾਂ ਨੂੰ ਖੁੱਲਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਰੂਰੀ ਵਸਤਾਂ ਦੀਆਂ ਸੇਵਾਵਾਂ ਲੈਣ ਅਤੇ ਇਨਾਂ ਸੇਵਾਵਾਂ ਨੂੰ ਮੁਹੱਈਆਂ ਕਰਵਾਉਣ ਵਾਲੇ ਲੋਕਾਂ ਨੂੰ ਬਾਹਰ ਆਉਣ ਦੀ ਇਜ਼ਾਜ਼ਤ  ਹੋਵੇਗੀ।

ਡਿਪਟੀ ਕਮਿਸ਼ਨਰ,ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਕਿਸੇ ਪ੍ਰਕਾਰ ਦੀ ਲੁੱਟ-ਖਸੁੱਟ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਲੋਕਾਂ ਖਿਲਾਫ਼  ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਇਸ ਮੁਕੰਮਲ ਬੰਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਐਮਰਜੰਸੀ ਵਾਹਨਾਂ ਤੋਂ ਇਲਾਵਾ ਬਾਕੀ ਵਾਹਨਾਂ ਦੇ ਚੱਲਣ ਦੀ ਮਨਾਹੀ ਹੋਵੇਗੀ। ਡਿਪਟੀ ਕਮਿਸ਼ਨਰ , ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਕੇਵਲ ਜਰੂਰੀ  ਸੇਵਾਵਾਂ ਲਈ ਪਰਿਵਾਰ ਦੇ ਇਕ ਮੈਂਬਰ ਨੂੰ ਬਾਹਰ ਆਉਣ-ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਂਮਾਰੀ ਕੰਟਰੋਲ ਐਕਟ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਕਿਸੇ ਪ੍ਰਕਾਰ ਦਾ ਲੋਕਾਂ ਦਾ ਇਕੱਠ ਹੋਣ ਤੋਂ ਰੋਕਣ ਲਈ ਹਰ ਕਦਮ ਉਠਾਏ ਜਾਣਗੇ।

-PTC News

Related Post