ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 6 ਕਿੱਲੋ ਅਫੀਮ ਤੇ ਇਨੋਵਾ ਕਾਰ ਸਮੇਤ 2 ਤਸਕਰ ਕਾਬੂ

By  Shanker Badra May 27th 2020 04:08 PM

ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 6 ਕਿੱਲੋ ਅਫੀਮ ਤੇ ਇਨੋਵਾ ਕਾਰ ਸਮੇਤ 2 ਤਸਕਰ ਕਾਬੂ:ਜਲੰਧਰ : ਲਾਕਡਾਊਨ ਦੌਰਾਨ ਜਲੰਧਰ ਦਿਹਾਤ ਪੁਲਿਸ ਨੂੰ ਨਸ਼ਾ ਤਸਕਰੀ ਦੇ ਖ਼ਿਲਾਫ਼ ਇੱਕ ਵੱਡੀ ਸਫਲਤਾ ਮਿਲੀ ਹੈ। ਦਿਹਾਤੀ ਪੁਲਿਸਨੇ ਅੱਜ ਜਲੰਧਰ ਦੇ ਭੋਗਪੁਰ ਇਲਾਕੇ ਵਿੱਚੋਂ ਦੋ ਨਸ਼ਾ ਤਸਕਰਾਂ ਨੂੰ 6 ਕਿਲੋ ਗ੍ਰਾਮ ਅਫੀਮ ਅਤੇ ਇੱਕ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਭੋਗਪੁਰ ਥਾਣੇ ਦੇ ਐਸਐਚਓ ਜਰਨੈਲ ਸਿੰਘ ਨੇ ਲਾਕਡਾਊਨ ਦੌਰਾਨ ਲੋਕਾਂ ਨੂੰ ਇਸ ਦੀ ਸਹੀ ਪਾਲਣਾ ਕਰਨ ਲਈ ਭੋਗਪੁਰ ਆਦਮਪੁਰ ਰੋਡ ਉੱਪਰ ਇੱਕ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਇੱਕ ਇਨੋਵਾ ਗੱਡੀ ਨੂੰ ਰੋਕਿਆ ,ਜਿਸ ਵਿੱਚ ਲਖਬੀਰ ਚੰਦ ਅਤੇ ਗੁਰਪ੍ਰੀਤ ਕੁਮਾਰ ਨਾਮ ਦੇ 2 ਸ਼ਖਸ ਜੋ ਕਿ ਹੁਸ਼ਿਆਰਪੁਰ ਇਲਾਕੇ ਦੇ ਅਲੱਗ ਅਲੱਗ ਥਾਵਾਂ ਦੇ ਰਹਿਣ ਵਾਲੇ ਨੇ ਮੌਜੂਦ ਸੀ।

ਜਦੋਂ ਨਾਕੇ 'ਤੇ ਪੁਲਿਸ ਵੱਲੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਗੁਰਪ੍ਰੀਤ ਕੁਮਾਰ ਕੋਲੋਂ 2 ਕਿੱਲੋ ਛੇ ਸੌ ਗ੍ਰਾਮ ਅਫ਼ੀਮ ਮਿਲੀ ,ਜੋ ਉਸ ਨੇ ਇੱਕ ਬੈਲਟ ਨੁਮਾ ਚੀਜ਼ ਵਿੱਚ ਪਾ ਕੇ ਆਪਣੇ ਲੱਕ ਤੇ ਬੰਨ੍ਹੀ ਹੋਈ ਸੀ। ਇਸ ਦੇ ਨਾਲ ਹੀ ਗੱਡੀ ਦੀ ਤਲਾਸ਼ੀ ਲੈਣ 'ਤੇ ਗੱਡੀ ਵਿੱਚੋਂ ਤਿੰਨ ਕਿਲੋ ਚਾਰ ਸੌ ਗ੍ਰਾਮ ਅਫੀਮ ਹੋਰ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੋਨਾਂ 'ਤੇ ਮਾਮਲਾ ਦਰਜ ਕਰਦੇ ਹੋਏ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਦੇ ਨਾਲ ਹੀ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲਾਕਡਾਊਨ ਅਤੇ ਕਰਫ਼ਿਊ ਦੌਰਾਨ 22 ਮਾਰਚ ਤੋਂ ਲੈ ਕੇ ਹੁਣ ਤੱਕ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਖਿਲਾਫ 36 ਮਾਮਲੇ ਦਰਜ਼ ਕੀਤੇ ਗਏ ਹਨ, ਜਿਨ੍ਹਾਂ ਵਿੱਚ 55 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਸਾਮਾਨ ਬਰਾਮਦ ਹੋਇਆ ਹੈ।

-PTCNews

Related Post