ਇਸ ਬਜ਼ੁਰਗ ਔਰਤ ਨੇ ਨੌਜਵਾਨਾਂ ਲਈ ਪੇਸ਼ ਕੀਤੀ ਮਿਸਾਲ, 73 ਸਾਲਾਂ ਦੀ ਉਮਰ 'ਚ ਖੁਦ ਕਰਦੀ ਹੈ ਖੇਤੀ (ਤਸਵੀਰਾਂ)

By  Jashan A July 31st 2019 03:23 PM

ਇਸ ਬਜ਼ੁਰਗ ਔਰਤ ਨੇ ਨੌਜਵਾਨਾਂ ਲਈ ਪੇਸ਼ ਕੀਤੀ ਮਿਸਾਲ, 73 ਸਾਲਾਂ ਦੀ ਉਮਰ 'ਚ ਖੁਦ ਕਰਦੀ ਹੈ ਖੇਤੀ (ਤਸਵੀਰਾਂ),ਜਲੰਧਰ: "ਮਤ ਸਮਝ ਖਿਡਾਉਣਾ ਮਾਸ ਦਾ, ਸ਼ਕਤੀ ਦਾ ਰੂਪ ਨਾਰੀ ਨਹੀਂ ਚਮ ਦੀ ਮੈਂ ਗੁੱਡੀ ਲੀਰਾਂ ਨਾਲ ਸ਼ਿੰਗਾਰੀ", ਇਹ ਬੋਲ ਨੇ ਖੁਦ ਨੂੰ ਵਿਚਾਰੀਆਂ ਸਮਝਣ ਵਾਲੀਆਂ ਔਰਤਾਂ ਅਤੇ ਨਿਰਾਸ਼ਾ ਦੇ ਆਲਮ 'ਚ ਗੁਜ਼ਰ ਰਹੇ ਕਿਸਾਨਾਂ ਦੇ ਲਈ ਇੱਕ ਮਿਸਾਲ ਬਣ ਚੁੱਕੀ ਜਲੰਧਰ ਦੇ ਨਵਾਂ ਪਿੰਡ ਨਾਇਚਾ ਦੀ ਵਸਨੀਕ ਨਵਰੂਪ ਕੌਰ ਦੇ।

ਸਿਰ ਤੇ ਚਿੱਟੇ ਵਾਲ ਧਰਤੀ ਵੱਲ ਨੂੰ ਚੁੱਕੀ ਹੋਈ ਕਮਰ ਬੇਸ਼ੱਕ ਸਰੀਰਕ ਤੌਰ 'ਤੇ ਨਵਰੂਪ ਕੌਰ ਨੂੰ ਬਜ਼ੁਰਗ ਦਿਖਾਉਂਦੇ ਹੋਣ ਪਰ ਉਸ ਦਾ ਜ਼ਿਹਨ ਅਤੇ ਉਸ ਦੀ ਸੋਚ ਨੌਜਵਾਨਾਂ ਤੋਂ ਵੀ ਅੱਗੇ ਹੈ।

ਜ਼ਿੰਦਗੀ ਦੇ 73ਵੇਂ ਵਰ੍ਹੇ 'ਚੋਂ ਗੁਜ਼ਰ ਰਹੀ ਨਵਰੂਪ ਕੌਰ ਨੇ ਖੇਤੀਬਾੜੀ ਦੇ ਖੇਤਰ ਦੇ ਵਿੱਚ ਜੋ ਮੱਲਾਂ ਮਾਰੀਆਂ ਨੇ ਉਨ੍ਹਾਂ ਸਦਕਾ ਉਹ ਆਮ ਲੋਕਾਂ ਦੀ ਭੀੜ ਚੋਂ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ।ਨਵਰੂਪ ਕੌਰ 1999 ਤੋਂ ਲਗਾਤਾਰ ਖੇਤੀਬਾੜੀ ਨਾਲ ਜੁੜੀ ਹੋਈ ਹੈ ਤੇ ਉਹ ਬਜ਼ੁਰਗ ਹੋਣ ਦੇ ਬਾਵਜ਼ੂਦ ਅੱਜ ਵੀ ਖੁਦ ਹੀ ਖੇਤੀਬਾੜੀ ਦਾ ਸਾਰਾ ਕੰਮ ਧੰਦਾ ਸੰਭਾਲਦੀ ਹੈ ਅਤੇ ਟਰੈਕਟਰ ਵੀ ਖੁਦ ਹੀ ਚਲਾਉਂਦੀ ਹੈ।

ਹੋਰ ਪੜ੍ਹੋ: ਇੱਕ ਪਤੀ ਨੇ ਆਪਣੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ !

ਨਵਰੂਪ ਦਾ ਕਹਿਣਾ ਹੈ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਸਰਪੰਚੀ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾ ਰਹੀ ਹੈ ਅਤੇ ਉਸ ਨੂੰ ਦੋਵੇਂ ਕੰਮਾਂ 'ਚ ਖ਼ੂਬ ਅਨੰਦ ਮਿਲਦਾ ਹੈ।

ਖੇਤਾਂ ਨੂੰ ਆਪਣੀ ਜ਼ਿੰਦਗੀ ਤੇ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਨੂੰ ਆਪਣੇ ਪਰਿਵਾਰਕ ਮੈਂਬਰ ਆਖਣ ਵਾਲੀ ਨਵਰੂਪ ਨੂੰ ਇਸ ਗੱਲ ਦਾ ਮਲਾਲ ਹੈ ਕਿ ਨਾ ਤਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਸ ਵਰਗੀ ਅਗਾਂਹਵਧੂ ਕਿਸਾਨ ਦੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਦੇ ਕੋਈ ਸਾਰ ਲਈ ਗਈ ਹੈ।

ਪਰ ਇਸ ਸਭ ਦੇ ਬਾਵਜੂਦ ਇਹ ਬਜ਼ੁਰਗ ਬੀਬੀ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਹਲੂਣਾ ਦਿੰਦੀ ਹੋਈ ਆਖਦੀ ਹੈ ਕਿ ਜੇਕਰ ਸੋਚ ਸਮਝ ਕੇ ਕੀਤੀ ਜਾਵੇ ਤਾਂ ਖੇਤੀ ਘਾਟੇ ਦਾ ਧੰਦਾ ਨਹੀਂ ਹੈ। ਸੋ ਇਸ ਬਜ਼ੁਰਗ ਬੀਬੀ ਦੇ ਹੌਂਸਲੇ ਅਤੇ ਸੋਚ ਦੀ ਵਾਕਿਆ ਈ ਤਾਰੀਫ਼ ਕਰਨੀ ਬਣਦੀ ਹੈ। ਖੇਤੀਬਾੜੀ ਕਰ ਰਹੇ ਕਿਸਾਨਾਂ ਅਤੇ ਖੁਦ ਨੂੰ ਵਿਚਾਰੀਆਂ ਸਮਝਣ ਵਾਲੀਆਂ ਔਰਤਾਂ ਨੂੰ ਇਸ ਬੀਬੀ ਤੋਂ ਕੁਝ ਸਿੱਖਣ ਦੀ ਲੋੜ ਹੈ।

-PTC News

Related Post