ਜਲ ਸੰਕਟ ਨਾਲ ਜੂਝ ਰਿਹਾ ਹੈ ਜਲੰਧਰ, ਅਗਲੇ 20 ਸਾਲਾ 'ਚ ਪਿੰਡਾਂ 'ਚ ਬਣ ਸਕਦੇ ਨੇ ਮਾਰੂਥਲ ਵਰਗੇ ਹਾਲਾਤ..!

By  Jashan A July 14th 2019 11:55 AM -- Updated: July 14th 2019 12:13 PM

ਜਲ ਸੰਕਟ ਨਾਲ ਜੂਝ ਰਿਹਾ ਹੈ ਜਲੰਧਰ, ਅਗਲੇ 20 ਸਾਲਾ 'ਚ ਪਿੰਡਾਂ 'ਚ ਬਣ ਸਕਦੇ ਨੇ ਮਾਰੂਥਲ ਵਰਗੇ ਹਾਲਾਤ..!,ਜਲੰਧਰ: ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵੀ ਇਸ ਸਮੇਂ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ 22 ਜ਼ਿਲ੍ਹਿਆਂ ਚੋਂ ਜਿਹੜੇ 20 ਜਿਲ੍ਹੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ, ਉਨ੍ਹਾਂ ਚ ਜਲੰਧਰ ਜ਼ਿਲ੍ਹਾ ਵੀ ਸ਼ਾਮਲ ਹੈ, ਯਾਨੀ ਜਲੰਧਰ 'ਚ ਵੀ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਇਹ ਖੁਲਾਸਾ ਕੀਤਾ ਹੈ ਕੇਂਦਰ ਸਰਕਾਰ ਵਲੋਂ ਜਲ ਸੰਕਟ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਮੁਹਿੰਮ "ਜਲ ਸ਼ਕਤੀ ਅਭਿਆਨ" ਦੀ ਟੀਮ ਨੇ।

ਇਸ ਟੀਮ ਵਲੋਂ ਜਲੰਧਰ ਜ਼ਿਲ੍ਹੇ ਦੇ 11 ਬਲਾਕਾਂ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦਾ 3 ਦਿਨ ਤੱਕ ਦੌਰਾ ਕਰ ਕੇ ਜ਼ਮੀਨੀ ਹਕੀਕਤ ਦਾ ਪਤਾ ਲਗਾਇਆ ਗਿਆ ਹੈ। ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਚ ਧਰਤੀ ਹੇਠਲੇ ਪਾਣੀ ਦਾ ਪੱਧਰ ਮਾਪਣ ਮਗਰੋਂ ਇਸ ਟੀਮ ਨੇ ਜੋ ਖੁਲਾਸੇ ਕੀਤੇ ਨੇ ਉਹ ਬੇਹੱਦ ਖਤਰਨਾਕ ਹਨ। "ਜਲ ਸ਼ਕਤੀ ਅਭਿਆਨ" ਦੀ ਟੀਮ ਮੁਤਾਬਕ ਜਲੰਧਰ ਜ਼ਿਲ੍ਹੇ ਚ ਪੈਂਦੇ 11 ਬਲਾਕਾਂ ਚੋਂ 10 ਬਲਾਕਾਂ ਤਹਿਤ ਆਉਂਦੇ ਪਿੰਡਾਂ ਚ ਧਰਤੀ ਹੇਠਲਾ ਪਾਣੀ ਇਸ ਹੱਦ ਤੱਕ ਖਤਮ ਹੋ ਗਿਆ ਹੈ।

ਅਗਲੇ 2 ਦਹਾਕਿਆਂ ਤੋਂ ਬਾਅਦ ਇਨ੍ਹਾਂ ਪਿੰਡਾਂ ਕੋਲ ਪੀਣ ਵਾਲਾ ਪਾਣੀ ਵੀ ਨਹੀਂ ਹੋਵੇਗਾ। ਕੇਂਦਰੀ ਟੀਮ ਮੁਤਾਬਿਕ ਇਹ ਸੰਕੇਤ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਵਲੋਂ ਵੱਖ ਵੱਖ ਪਿੰਡਾਂ ਚ ਜਾ ਕੇ ਪਾਣੀ ਦੇ ਪੱਧਰ ਦਾ ਪਤਾ ਲਗਾਉਣ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਨਾ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਅਜਿਹੇ ਪ੍ਰੋਗਰਾਮ ਉਲੀਕਣੇ ਤਾਂ ਜੋ ਜਲ ਸੰਕਟ ਨੂੰ ਠੱਲ ਪਾਈ ਜਾ ਸਕੇ।

ਹੋਰ ਪੜ੍ਹੋ:ਬਰਤਾਨਵੀ ਸਫ਼ੀਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਸਬੰਧੀ ਸਾਹਮਣੇ ਆਈ ਸਥਿਤੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ।ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਕੁੱਲ 11 ਵਿੱਚੋਂ 10 ਬਲਾਕ ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਹੇਠ ਹੈ ਤੇ ਇਨ੍ਹਾਂ ਬਲਾਕਾਂ ਵਿੱਚ 830 ਪੰਚਾਇਤਾਂ ਹਨ।

ਜਿਨ੍ਹਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ, ਵਾਟਰ ਸ਼ੈੱਡ ਚੈੱਕ ਡੈਮ, ਛੱਪੜਾਂ ਦੀ ਸਾਂਭ ਸੰਭਾਲ ਅਤੇ ਬੂਟੇ ਲਗਾਉਣ ਸਮੇਤ ਕੁੱਲ 1866 ਵੱਖ ਵੱਖ ਪ੍ਰਾਜੈਕਟ ਸ਼ੁਰੂ ਕਰ ਕੇ ਪਾਣੀ ਦਾ ਪੱਧਰ ਉੱਚਾ ਚੁੱਕਿਆ ਜਾਏਗਾ।

ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਦੇਸ਼ ਦੇ 254 ਜ਼ਿਲ੍ਹਿਆਂ ਨੂੰ ਟਾਰਗੇਟ ਕੀਤਾ ਜਾਣਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਦਰਾਂ ਸੌ ਤੋਂ ਵੱਧ ਬਲਾਕਾਂ ਦੇ ਵਿੱਚ ਵੱਖ ਵੱਖ ਟੀਮਾਂ ਮੌਜੂਦ ਹਨ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨੂੰ ਮਾਪ ਰਹੀਆਂ ਹਨ।

ਇਥੇ ਇਹ ਵੀ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ਚ ਆਦਮਪੁਰ, ਭੋਗਪੁਰ, ਲੋਹੀਆਂ, ਫਿਲੌਰ, ਨੂਰਮਹਿਲ, ਰੁੜਕਾ ਕਲਾਂ, ਨਕੋਦਰ, ਸ਼ਾਹਕੋਟ, ਜਲੰਧਰ ਈਸਟ ਤੇ ਜਲੰਧਰ ਵੈਸਟ ਤਹਿਤ ਆਉਂਦੇ ਇਲਾਕਿਆਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਹੇਠਾਂ ਚਲਾ ਗਿਆ ਹੈ ਜਦਕਿ ਜ਼ਿਲ੍ਹੇ ਦੇ ਮਹਿਤਪਪੁਰ ਬਲਾਕ ਚ ਪਾਣੀ ਦਾ ਪੱਧਰ ਠੀਕ ਦਰਜ ਕੀਤਾ ਗਿਆ ਹੈ।

-PTC News

Related Post