ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਉਪ ਕੁਲਪਤੀ ਥਾਪਿਆ

By  Jashan A August 1st 2019 08:49 PM

ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਉਪ ਕੁਲਪਤੀ ਥਾਪਿਆ

ਪਹਿਲੇ ਸੈਸ਼ਨ ਦੌਰਾਨ ਸਰੀਰਕ ਸਿੱਖਿਆ ਕੋਰਸਾਂ ਤੋਂ ਹੋਵੇਗੀ ਸ਼ੁਰੂਆਤ, ਬਾਅਦ ਦੇ ਵਰਿ•ਆਂ ਵਿਚ ਸਪੋਰਟਸ ਸਾਇੰਸ, ਸਪੋਰਟਸ ਮੈਡੀਸਨ ਤੇ ਸਪੋਰਟਸ ਸਾਈਕਾਲੋਜੀ ਵਿਸ਼ੇ ਹੋਣਗੇ ਸ਼ੁਰੂ

ਚੰਡੀਗੜ: ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦਾ ਉਪ ਕੁਲਪਤੀ ਥਾਪਿਆ। ਇਹ ਜਾਣਕਾਰੀ ਅੱਜ ਪੰਜਾਬ ਦੇ ਖੇਡ ਤੇ ਯੁਵਾ ਮਾਮਲਿਆਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨਾਲ ਆਪਣੇ ਦਫ਼ਤਰ ਵਿਚ ਇਥੇ ਮੁਲਾਕਾਤ ਦੌਰਾਨ ਦਿੱਤੀ।

ਮੀਟਿੰਗ ਦੌਰਾਨ ਦੋਵਾਂ ਵਲੋਂ ਇਸ ਵਰ੍ਹੇ ਦੇ ਸਤੰਬਰ ਮਹੀਨੇ ਦੌਰਾਨ ਸ਼ੁਰੂ ਹੋਣ ਵਾਲੇ ਪਹਿਲੇ ਸੈਸ਼ਨ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਹ ਤੈਅ ਕੀਤਾ ਗਿਆ ਕਿ ਸਤੰਬਰ ਵਿਚ ਯੂਨੀਵਰਸਿਟੀ ਦੇ ਪਹਿਲੇ ਸੈਸ਼ਨ ਦੌਰਾਨ ਮੁੱਢਲੇ ਕੋਰਸ ਜਿਵੇਂ ਕਿ ਸਰੀਰਕ ਸਿੱਖਿਆ ਪੜਾਏ ਜਾਣਗੇ। ਇਸ ਤੋਂ ਬਾਅਦ ਸਪੋਰਟਸ ਸਾਇੰਸ, ਸਪੋਰਟਸ ਮੈਡੀਸਨ ਅਤੇ ਸਪੋਰਟਸ ਸਾਈਕਾਲੋਜੀ (ਮਨੋਵਿਗਿਆਨ) ਦੇ ਕੋਰਸ ਪੜਾਏ ਜਾਣਗੇ।

ਖੇਡ ਮੰਤਰੀ ਨੇ ਲੈਫਟੀਨੈਂਟ ਜਨਰਲ ਚੀਮਾ ਨੂੰ ਇੰਗਲੈਂਡ ਵਿਚ ਨਾਮਵਰ ਅਥਲੀਟ ਸਿਬੈਸਟੀਅਨ ਕੋਅ ਨਾਲ ਹੋਈ ਮੁਲਾਕਾਤ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਵੱਲੋਂ ਸ੍ਰੀ ਕੋਅ ਨੂੰ ਮਾਹਿਰਾਂ ਦੀ ਇਕ ਟੀਮ ਪੰਜਾਬ ਭੇਜਣ ਲਈ ਵੀ ਬੇਨਤੀ ਕੀਤੀ ਗਈ ਸੀ ਤਾਂ ਜੋ ਪਟਿਆਲਾ ਵਿਖੇ ਇਕ ਵਿਸ਼ਵ ਪੱਧਰੀ ਖੇਡ ਯੂਨੀਵਰਸਿਟੀ ਦਾ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਵਿਚ ਮਦਦ ਮਿਲ ਸਕੇ।

ਇਥੇ ਇਹ ਵੀ ਵਰਨਣਯੋਗ ਹੈ ਕਿ ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨੇ 9 ਜੂਨ, 1979 ਨੂੰ ਫੌਜ ਵਿਚ ਕਮਿਸ਼ਨ ਹਾਸਿਲ ਕੀਤਾ ਸੀ ਅਤੇ ਉਹ 30 ਨਵੰਬਰ 2017 ਨੂੰ ਬਤੌਰ ਡਿਪਟੀ ਫੌਜ ਮੁਖੀ (ਇਨਫਰਮੇਸ਼ਨ ਸਿਸਟਮ ਤੇ ਟ੍ਰੇਨਿੰਗ) ਸੇਵਾ ਮੁਕਤ ਹੋਏ। ਉਹ ਖੁਦ ਵੀ ਸ਼ਾਨਦਾਰ ਖਿਡਾਰੀ ਰਹੇ ਹਨ ਜਿਹਨਾਂ ਨੇ ਬਤੌਰ ਡਿਪਟੀ ਫੌਜ ਮੁਖੀ ਫੌਜ ਦੀ ਖੇਡ ਨੀਤੀ ਨੂੰ ਹੋਰ ਪ੍ਰਪੱਕ ਬਣਾਉਂਦੇ ਹੋਏ ਵਿਗਿਆਨਿਕ ਢੰਗ ਨਾਲ ਕੋਚਿੰਗ, ਸਪੋਰਟਸ ਸਾਇੰਸ ਅਤੇ ਖੇਡਾਂ ਦੌਰਾਨ ਮਾਨਸਿਕ ਤੌਰ 'ਤੇ ਮਜ਼ਬੂਤ ਰਹਿਣ ਸਬੰਧੀ ਸਿਖਲਾਈ ਦੇਣ ਲਈ ਅਹਿਮ ਕਾਰਜ ਕੀਤੇ।

ਉਹਨਾਂ ਨੂੰ ਐਨ.ਡੀ.ਏ. ਵਿਖੇ ਕਰਾਸ ਕੰਟਰੀ ਅਤੇ ਅਥਲੈਟਿਕਸ ਵਿਚ ਵਧੀਆ ਕਾਰਗੁਜਾਰੀ ਲਈ 'ਬਲੂ ਤੇ ਹਾਫ ਬਲੂ' ਵਰਗੇ ਇਨਾਮ ਮਿਲੇ। ਇੰਡੀਅਨ ਮਿਲਟਰੀ ਅਕੈਡਮੀ ਵਿਖੇ ਆਪਣੀ ਟ੍ਰੇਨਿੰਗ ਦੌਰਾਨ ਉਹਨਾਂ ਨੂੰ ਆਪਣੇ ਕੋਰਸ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਅਤੇ ਬੇਹੱਦ ਮਾਣਮਤੇ ਸਿੱਖ ਰੈਜੀਮੈਂਟ ਸੋਨ ਤਮਗੇ ਨਾਲ ਨਵਾਜ਼ਿਆ ਗਿਆ। ਉਹਨਾਂ ਨੂੰ 800 ਮੀਟਰ, 1500 ਮੀਟਰ ਅਤੇ 5000 ਮੀਟਰ ਦੌੜ ਮੁਕਾਬਲਿਆਂ ਵਿਚ ਪਹਿਲਾ ਸਥਾਨ ਕਰਨ ਕਰਕੇ ਉਹਨਾਂ ਨੂੰ ਸਰਬੋਤਮ ਅਥਲੀਟ ਐਲਾਨਿਆ ਗਿਆ ਅਤੇ ਅਥਲੈਟਿਕਸ ਅਤੇ ਕਰਾਸ ਕੰਟਰੀ ਵਿਚ 'ਬਲੂ' ਦਾ ਸਨਮਾਨ ਦਿੱਤਾ ਗਿਆ।

ਉਹ ਹਾਕੀ, ਫੁੱਟਬਾਲ ਅਤੇ ਬਾਸਕਟਬਾਲ ਵਿਚ ਆਪਣੀ ਸਕੂਐਡਰਨ/ਕੰਪਨੀ ਦੀਆਂ ਟੀਮਾਂ ਦੇ ਮੈਂਬਰ ਵੀ ਰਹੇ। ਲੈਫਟੀਨੈਂਟ ਜਨਰਲ ਚੀਮਾ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ, ਸਪੋਰਟਸ ਅਥਾਰਿਟੀ ਆਫ਼ ਇੰਡੀਆ, ਕੌਮੀ ਖੇਡ ਫੈਡਰੇਸ਼ਨਾਂ, ਟਾਰਗੈਟ ਓਲੰਪਿਕ ਪੋਡੀਅਮ ਸਕੀਮ, ਓਲੰਪਿਕ ਗੋਲਡ ਕੁਐਸਟ ਅਤੇ ਸਰਵਿਸਿਸ ਸਪੋਰਟਸ ਕੰਟਰੋਲ ਬੋਰਡ ਨਾਲ ਵੀ ਜੁੜੇ ਰਹੇ।

ਉਹਨਾਂ ਨੇ ਆਰਮੀ ਸਪੋਰਟਸ ਇੰਸਟੀਚਿਊਟ, ਆਰਮੀ ਮਾਰਕਸਮੈਨ ਯੂਨਿਟ, ਮਿਸ਼ਨ ਓਲੰਪਿਕ, ਆਰਮੀ ਸਪੋਰਟਸ ਨੋਡਜ਼ ਅਤੇ ਬੁਆਇਜ਼ ਸਪੋਰਟਸ ਕੰਪਨੀਜ਼ ਆਦਿ ਵਿਖੇ ਕੌਮਾਂਤਰੀ ਕੋਚਾਂ, ਮਨੋਵਿਗਿਆਨ ਵਿਸ਼ੇ ਦੇ ਮਾਹਰਾਂ ਅਤੇ ਉੱਚ ਮਿਆਰੀ ਸਿਖਲਾਈ ਪ੍ਰਦਾਨ ਕਰਨ ਵਾਲਿਆਂ ਦੀਆਂ ਸੇਵਾਵਾਂ ਲੈ ਕੇ ਖਿਡਾਰੀਆਂ ਨੂੰ ਵਿਗਿਆਨਿਕ ਢੰਗ ਨਾਲ ਕੋਚਿੰਗ ਯਕੀਨੀ ਬਣਾਉਣ ਤੋਂ ਇਲਾਵਾ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦੇ ਹੋਏ ਸਪੋਰਟਸ ਸਾਇੰਸ ਵਰਗੇ ਅਹਿਮ ਵਿਸ਼ੇ ਦੀ ਵੀ ਗੁਣਵੱਤਾ ਭਰਪੂਰ ਸਿਖਲਾਈ ਯਕੀਨੀ ਬਣਾਈ।

-PTC News

Related Post