ਲੁਧਿਆਣਾ :ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ 3 ਦਿਨਾਂ ਕਿਸਾਨ ਮੇਲਾ ਸ਼ੁਰੂ , ਵੱਡੀ ਗਿਣਤੀ 'ਚ ਪੁੱਜੇ ਕਿਸਾਨ

By  Shanker Badra September 20th 2018 03:10 PM

ਲੁਧਿਆਣਾ :ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ 3 ਦਿਨਾਂ ਕਿਸਾਨ ਮੇਲਾ ਸ਼ੁਰੂ , ਵੱਡੀ ਗਿਣਤੀ 'ਚ ਪੁੱਜੇ ਕਿਸਾਨ:ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਤਿੰਨ ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ।ਇਸ ਕਿਸਾਨ ਮੇਲਾ ਦਾ ਰਸਮੀ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ ਨੇ ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਤੇ ਉਪ ਕੁਲਪਤੀ ਡਾ.ਬਲਦੇਵ ਸਿੰਘ ਢਿੱਲੋਂ ਦੀ ਹਾਜ਼ਰੀ ਵਿਚ ਕੀਤਾ ਹੈ।ਇਸ ਦੌਰਾਨ ਮੇਲਾ ਗਰਾਊਂਡ 'ਚ ਵੱਖ- ਵੱਖ ਕੰਪਨੀਆਂ ਵੱਲੋਂ ਖੇਤੀਬਾੜੀ ਮਸ਼ੀਨਰੀ ਤੇ ਖੇਤੀਬਾੜੀ ਸੰਦਾਂ ਦੇ ਲਗਾਏ ਸਟਾਲ ਵੀ ਲਗਾਏ ਗਏ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਿੰਨ ਦਿਨਾਂ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਕਿਹਾ ਕਿ ਭਾਰਤ 'ਚ ਹਰੀ ਕ੍ਰਾਂਤੀ ਲਿਆਉਣ ਵਿੱਚ ਪੰਜਾਬ ਦੇ ਕਿਸਾਨਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ , ਪਰ ਅੱਜ ਪੰਜਾਬ ਦੇ ਕਿਸਾਨਾਂ ਦੀ ਹਾਲਤ ਠੀਕ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪੜੇ ਲਿਖੇ ਹੋਣ ਦੇ ਬਾਵਜੂਦ ਜਦੋਂ ਪਰਾਲੀ ਨੂੰ ਅੱਗ ਲਗਾਉਂਦੇ ਹਨ, ਤਾਂ ਦੁੱਖ ਹੁੰਦਾ ਹੈ।

ਵੀ.ਪੀ. ਬਦਨੌਰ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਨੇ ਹੀ ਰਾਜਸਥਾਨੀ ਕਿਸਾਨਾਂ ਨੂੰ ਖੇਤੀ ਕਰਨੀ ਸਿਖਾਈ ਹੈ।ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜਾ ਗੰਗਾ ਸਿੰਘ ਨੇ ਅੰਗਰੇਜ਼ੀ ਰਾਜ ਦੌਰਾਨ ਗੰਗ ਨਹਿਰ ਰਾਹੀਂ ਪਾਣੀ ਰਾਜਸਥਾਨ ਦੇ ਗੰਗਾਨਗਰ ਇਲਾਕੇ 'ਚ ਲਿਆਂਦਾ ਸੀ ਤਾਂ ਰਾਜਸਥਾਨੀ ਕਿਸਾਨ ਸੇਂਜੂ ਫ਼ਸਲਾਂ ਦੀ ਖੇਤੀ ਤੋਂ ਅਣਜਾਣ ਸਨ ਤੇ ਪੰਜਾਬ ਕਿਸਾਨਾਂ ਨੂੰ ਲਿਜਾ ਕੇ ਖੇਤੀ ਸ਼ੁਰੂ ਕੀਤੀ ਗਈ ਸੀ।

ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸਹਾਇਕ ਖੇਤੀ ਕਿੱਤਿਆਂ ਤੋਂ ਆਮਦਨੀ ਦੇ ਮਾਮਲੇ 'ਚ ਹਰਿਆਣਾ ਅੱਗੇ ਹੈ ਅਤੇ ਪੰਜਾਬੀ ਕਿਸਾਨਾਂ ਨੂੰ ਇਸ ਪਾਸੇ ਹੋਰ ਉਪਰਾਲੇ ਕਰਨ ਦੀ ਲੋੜ ਹੈ।

ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੰਦਾ ਕਿਹਾ ਕਿ ਸੜਕਾਂ 'ਤੇ ਘੁੰਮਦੀਆਂ ਆਵਾਰਾ ਗਊਆਂ ਦੀ ਜ਼ਿੰਮੇਵਾਰੀ ਤੋਂ ਕਿਸਾਨ ਵੀਰ ਬਚ ਨਹੀਂ ਸਕਦੇ ਕਿਉਂਕਿ ਉਹ ਹੀ ਪਹਿਲਾਂ ਇਹਨਾਂ ਨੂੰ ਪਾਲਦੇ ਹਨ, ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗਊਆਂ ਦੀ ਬਜਾਏ ਮੱਝਾਂ ਪਾਲਨ।

-PTCNews

Related Post