'ਭੀੜ ਤੰਤਰ' ਨੇ ਗਊ ਮਾਸ ਦੇ ਸ਼ੱਕ 'ਚ ਕੁੱਟਿਆ 25 ਸਾਲਾ ਨੌਜਵਾਨ, ਖੜ੍ਹੀ ਦੇਖਦੀ ਰਹੀ ਪੁਲਿਸ

By  Panesar Harinder August 1st 2020 05:43 PM

ਗੁਰੂਗ੍ਰਾਮ - ਦੇਸ਼ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਬਣ ਕੇ ਸਵਾਲ ਉੱਠਦੀ ਰਹੀ 'ਮੌਬ ਲਿੰਚਿੰਗ' ਮੁੜ ਫੇਰ ਦੇਖਣ ਨੂੰ ਮਿਲੀ ਜਦੋਂ ਗਊ ਮਾਸ ਦੇ ਸ਼ੱਕ 'ਚ 8-10 ਜਣਿਆਂ ਨੇ ਇੱਕ ਨੌਜਵਾਨ ਨੂੰ ਸਰੇ ਬਜ਼ਾਰ ਹਥੌੜੇ ਨਾਲ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਤੇ ਉਹ ਵੀ ਪੁਲਿਸ ਦੀ ਮੌਜੂਦਗੀ ਵਿੱਚ। ਇਹ ਘਟਨਾ ਹਰਿਆਣਾ ਦੇ ਗੁਰੁਗ੍ਰਾਮ ਦੀ ਹੈ ਜਿੱਥੇ ਆਪਣੀ ਡਿਊਟੀ 'ਤੇ ਖੜ੍ਹੀ ਪੁਲਿਸ ਗੁੰਡਾਗਰਦੀ ਦੇਖਦੀ ਰਹੀ ਅਤੇ ਉਸ 'ਤੇ ਵੱਡੇ ਸਵਾਲ ਉੱਠੇ।

ਘਟਨਾ ਸ਼ੁੱਕਰਵਾਰ ਦੀ ਹੈ ਜਦੋਂ ਹਰਿਆਣਾ ਦੇ ਗੁਰੂਗ੍ਰਾਮ 'ਚ ਕਥਿਤ ਗਊ ਰੱਖਿਅਕਾਂ ਨੇ ਮੀਟ (ਮਾਸ) ਨਾਲ ਭਰੀ ਇੱਕ ਗੱਡੀ ਰੋਕ ਲਈ। ਉਨ੍ਹਾਂ ਡਰਾਈਵਰ ਨੂੰ ਗੱਡੀ 'ਚੋਂ ਹੇਠਾਂ ਖਿੱਚ ਲਿਆ ਤੇ ਹਥੌੜੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਸਰੇਬਜ਼ਾਰ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਬੜਾ ਵਾਇਰਲ ਹੋ ਰਿਹਾ ਹੈ। ਕੁੱਟਮਾਰ ਦੇ ਸ਼ਿਕਾਰ ਹੋਏ ਗੱਡੀ ਦੇ ਡਰਾਈਵਰ ਦਾ ਨਾਂਅ ਲੁਕਮਾਨ ਖਾਨ (25) ਦੱਸਿਆ ਜਾ ਰਿਹਾ ਜੋ ਮੇਵਾਤ ਦਾ ਰਹਿਣ ਵਾਲਾ ਹੈ। ਵੀਡੀਓ 'ਚ ਲੁਕਮਾਨ ਦੀ ਕੁੱਟਮਾਰ ਕਰਦੇ ਸਮੇਂ ਪੁਲਿਸ ਮੁਲਾਜ਼ਮ ਉੱਥੇ ਖੜ੍ਹੇ ਦਿਖਾਈ ਦੇ ਰਹੇ ਹਨ, ਪਰ ਕੋਈ ਵੀ ਉਸ ਦੇ ਬਚਾਅ ਲਈ ਅੱਗੇ ਨਹੀਂ ਆਇਆ।

Mob lynching at Gurugram 1

ਲੁਕਮਾਨ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਸੈਕਟਰ 4-5 ਚੌਂਕ 'ਚ ਪਹੁੰਚਿਆ ਸੀ। ਉਸ ਦੀ ਪਿਕਅੱਪ ਵੈਨ 'ਚ ਮੱਝ ਦਾ ਮਾਸ ਰੱਖਿਆ ਹੋਇਆ ਸੀ, ਜਿੱਥੇ 5 ਮੋਟਰਸਾਈਕਲਾਂ 'ਤੇ ਸਵਾਰ ਕੁਝ ਕਥਿਤ ਤੌਰ 'ਤੇ ਦੱਸੇ ਜਾਂਦੇ ਗਾਉ ਰੱਖਿਅਕ ਨੌਜਵਾਨ ਆਏ। ਲੁਕਮਾਨ ਨੇ ਪੁਲਸ ਨੂੰ ਦੱਸਿਆ,''ਉਹ ਕਰੀਬ 8 ਤੋਂ 10 ਲੋਕ ਹੋਣਗੇ। ਉਨ੍ਹਾਂ ਨੇ ਮੇਰੇ ਦੇਖਦੇ ਹੋਏ ਉੱਚੀ ਉੱਚੀ ਰੌਲ਼ਾ ਪਾ ਕੇ ਗੱਡੀ ਰੋਕਣ ਲਈ ਕਿਹਾ। ਮੈਂ ਆਪਣੀ ਸੁਰੱਖਿਆ ਲਈ ਗੱਡੀ ਭਜਾਉਣ ਲੱਗਾ। ਆਪਣੀ ਗੱਡੀ ਮੈਂ ਸਦਰ ਬਾਜ਼ਾਰ 'ਚ ਰੋਕੀ ਤਾਂ ਉਨ੍ਹਾਂ ਨੇ ਮੈਨੂੰ ਬਾਹਰ ਖਿੱਚ ਲਿਆ। ਗਊ ਮਾਸ ਲਿਜਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਮੈਨੂੰ ਹਥੌੜੇ ਨਾਲ ਬੇਰਹਿਮੀ ਨਾਲ ਮਾਰਿਆ।''

Mob lynching at Gurugram 1

ਇਸ ਮਾਮਲੇ ਉੱਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ, ਹਰਿਆਣਾ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਦਿਗਵਿਜੇ ਨੇ ਟਵੀਟ ਕੀਤਾ ਜਿਸ 'ਚ ਉਨ੍ਹਾਂ ਲਿਖਿਆ, ''ਗੁਰੂਗ੍ਰਾਮ 'ਚ ਗਊ ਰੱਖਿਅਕਾਂ ਨੇ ਇੱਕ ਵਿਅਕਤੀ ਨੂੰ ਹਥੌੜੇ ਨਾਲ ਕੁੱਟਿਆ ਅਤੇ ਪੁਲਿਸ ਚੁੱਪਚਾਪ ਦੇਖਦੀ ਰਹੀ। ਇੱਕ ਭਾਰਤੀ ਨਾਗਰਿਕ ਵਿਰੁੱਧ ਘਿਨਾਉਣਾ ਅਪਰਾਧ ਹੋ ਰਿਹਾ ਹੈ, ਅਤੇ ਪੁਲਿਸ ਚੁੱਪਚਾਪ ਖੜ੍ਹੀ ਦੇਖਦੀ ਰਹੀ ਅਤੇ ਅਪਰਾਧੀਆਂ ਨੂੰ ਭੱਜ ਜਾਣ ਦਿੱਤਾ? ਕੀ ਹਰਿਆਣਾ ਪੁਲਿਸ ਦੀ ਕੋਈ ਜਵਾਬਦੇਹੀ ਹੈ? ਕੀ ਉੱਥੇ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਹੈ?"

Mob lynching at Gurugram 1

https://twitter.com/digvijaya_28/status/1289440912473497600?s=19

ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕੁੱਟਦੇ-ਕੁੱਟਦੇ ਲੁਕਮਾਨ ਨੂੰ ਅੱਧ ਮਰਿਆ ਕਰ ਦਿੱਤਾ। ਲੁਕਮਾਨ ਖਾਨ ਦੇ ਸਿਰ 'ਤੇ ਹਥੌੜੇ ਵੱਜਣ ਕਾਰਨ ਫ੍ਰੈਕਚਰ ਆਇਆ ਹੈ ਅਤੇ ਉਸ ਦੇ ਸਰੀਰ ਦੀਆਂ ਕਈ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਲੁਕਮਾਨ ਇਸ ਵੇਲੇ ਹਸਪਤਾਲ 'ਚ ਦਾਖਲ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਲੁਕਮਾਨ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਅਧੀਨ 12 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ ਹੈ।

ਸਵਾਲ ਇੱਕ ਇਨਸਾਨ ਦੀ ਜ਼ਿੰਦਗੀ 'ਤੇ ਮੌਤ ਅਤੇ ਦੇਸ਼ ਅੰਦਰ ਕਾਨੂੰਨ ਵਿਵਸਥਾ ਦੇ ਹਾਲਾਤਾਂ 'ਤੇ ਹਨ। ਕੀ ਭੀੜ ਤੰਤਰ ਵੱਲੋਂ 'ਆਪਣਾ ਨਿਆਂ' ਕਰਨ ਸਮੇਂ ਪੁਲਿਸ ਬੇਵੱਸ ਹੋ ਜਾਂਦੀ ਹੈ? ਜੇ ਨਹੀਂ ਤਾਂ ਅਜਿਹੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਸਵਾਲਾਂ 'ਚ ਕਿਉਂ ਘਿਰ ਜਾਂਦੇ ਹਨ ? ਪੁਲਿਸ ਅਤੇ ਨੀਤੀਘਾੜਿਆਂ ਲਈ ਇਹ ਇੱਕ ਬੇਹੱਦ ਗੰਭੀਰ ਮਸਲਾ ਹੈ ਜਿਸ ਤੋਂ ਭੱਜਣ ਦੇ ਨਤੀਜੇ ਬਹੁਤ ਤਬਾਹਕੁੰਨ ਸਾਬਤ ਹੋ ਸਕਦੇ ਹਨ।

Related Post