ਹਰਸਿਮਰਤ ਕੌਰ ਬਾਦਲ ਵੱਲੋਂ ਰੇਲਵੇ ਮੰਤਰੀ ਨਾਲ ਮੁਲਾਕਾਤ, ਬਠਿੰਡਾ ਤੋਂ ਵਾਰਾਨਸੀ ਪੱਕੀ ਰੇਲ ਸ਼ੁਰੂ ਕਰਨ ਦੀ ਅਪੀਲ
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਐਮ.ਪੀ. ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਅਪੀਲ ਕੀਤੀ ਕਿ ਵਾਰਾਨਸੀ ਜਾ ਕੇ ਗੁਰੂ ਰਵਿਦਾਸ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਵਾਸਤੇ ਬਠਿੰਡਾ-ਵਾਰਾਨਸੀ ਰੇਲ ਗੱਡੀ ਸ਼ੁਰੂ ਕੀਤੀ ਜਾਵੇ ਅਤੇ ਅਗਲੇ ਸਾਲ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਦਰਸ਼ਨ ਵਾਸਤੇ ਜਾਣ ਵਾਲੇ ਸ਼ਰਧਾਲੂਆਂ ਲਈ ਕਿਰਾਏ ਵਿਚ 75 ਫੀਸਦੀ ਛੋਟ ਦਿੱਤੀ ਜਾਵੇ।
ਪੱਕੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਬੇਨਤੀ ਪੱਤਰ ਪ੍ਰਾਪਤ ਹੋਏ ਹਨ ਕਿ ਵਾਇਆ ਦਿੱਲੀ-ਬਠਿੰਡਾ-ਵਾਰਾਨਸੀ ਰੇਲ ਗੱਡੀ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਰਵਿਦਾਸ ਜੀ ਦੇ ਅਸਥਾਨ ਦੇ ਦਰਸ਼ਨਾਂ ਵਾਸਤੇ ਸ਼ਰਧਾਲੂ ਸਾਰਾ ਸਾਲ ਜਾ ਸਕਣ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਕਹਿਣ ’ਤੇ ਪਹਿਲਾਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਸ਼ਰਧਾਲੂਆਂ ਵਾਸਤੇ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਹੁਣ ਇਕ ਪੱਕੀ ਰੇਲ ਗੱਡੀ ਸੇਵਾ ਇਸ ਰੂਟ ’ਤੇ ਸ਼ੁਰੂ ਕਰਨ ਦੀ ਜ਼ਰੂਰਤ ਹੈ।
25 ਜਨਵਰੀ ਤੋਂ 28 ਫਰਵਰੀ ਤੱਕ ਮਨਾਇਆ ਜਾਵੇਗਾ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ
ਮੈਂਬਰ ਪਾਰਲੀਮੈਂਟ ਨੇ ਦੱਸਿਆ ਉਨ੍ਹਾਂ ਨੂੰ ਗੁਰੂ ਰਵਿਦਾਸ ਸੇਵਾ ਸਭਾ ਬਠਿੰਡਾ ਨੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਅਗਲੇ ਸਾਲ ਦੇ ਸ਼ੁਰੂ 'ਚ 24 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਹੈ, ਜੋ 25 ਜਨਵਰੀ ਤੋਂ 28 ਫਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ, ਜਿਸ ਲਈ ਸ਼ਰਧਾਲੂ ਰੇਲ ਗੱਡੀ 'ਚ ਸੈਕਿੰਡ ਕਲਾਸ ਸਲੀਪਰ 'ਚ ਸਫਰ ਕਰਨਗੇ, ਜਿਸ ਵਾਸਤੇ ਕਿਰਾਏ ਵਿਚ 75 ਫੀਸਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਅਸ਼ਵਨੀ ਵੈਸ਼ਨਵ ਨੂੰ ਅਪੀਲ ਕੀਤੀ ਕਿ ਉਹ ਇਸ ਵਾਸਤੇ ਅਧਿਕਾਰੀਆਂ ਨੂੰ ਲੋੜੀਂਦੇ ਹੁਕਮ ਜਾਰੀ ਕਰਨ ਤਾਂ ਜੋ ਸ਼ਰਧਾਲੂਆਂ ਨੂੰ ਆਪਣੀਆਂ ਸੀਟਾਂ ਰਾਖਵੀਂਆਂ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ।
ਬਠਿੰਡਾ-ਦਿੱਲੀ ਸ਼ਤਾਬਦੀ ਵੀ ਮੁੜ ਸ਼ੁਰੂ ਕਰਨ ਦੀ ਕੀਤੀ ਅਪੀਲ|
ਬਾਦਲ ਨੇ ਇਹ ਵੀ ਅਪੀਲ ਕੀਤੀ ਕਿ ਬਠਿੰਡਾ-ਦਿੱਲੀ ਬਠਿੰਡਾ ਹਫਤੇ ਵਿਚ ਦੋ ਵਾਰ ਚੱਲਦੀ ਸ਼ਤਾਬਦੀ, ਜੋ 2014 ਵਿਚ ਸ਼ੁਰੂ ਕੀਤੀ ਗਈ ਸੀ ਤੇ 2016 ਵਿਚ ਫਿਰੋਜ਼ਪੁਰ ਛਾਉਣੀ ਤੱਕ ਵਧਾਈ ਗਈ ਸੀ, ਨੂੰ ਕੋਰੋਨਾ ਕਾਲ ਵਿਚ ਬੰਦ ਕਰ ਦਿੱਤਾ ਗਿਆ ਸੀ। ਇਸ ਰੇਲ ਗੱਡੀ ਨੂੰ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਏਮਜ਼ ਬਠਿੰਡਾ ਦੇ ਡਾਕਟਰਾਂ ਨੇ ਵੀ ਇਸ ਸਬੰਧ ਵਿਚ ਮੰਗ ਪੱਤਰ ਦਿੱਤਾ ਹੈ।
'ਰੇਲਵੇ ਸਲਾਇਡਿੰਗ ਮਾਨਸਾ ਸ਼ਹਿਰ ਤੋਂ ਨਰਿੰਦਰਪੁਰਾ ਤਬਦੀਲ ਕਰਨ ਦੀ ਲੋੜ'
ਐਮ.ਪੀ. ਨੇ ਰੇਲ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਰੇਲਵੇ ਸਲਾਇਡਿੰਗ ਮਾਨਸਾ ਸ਼ਹਿਰ ਤੋਂ ਨਰਿੰਦਰਪੁਰਾ ਤਬਦੀਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਲਾਇਡਿੰਗ ਸ਼ਹਿਰ ਦੇ ਕੇਂਦਰ ਵਿਚ ਹੈ ਤੇ ਜਦੋਂ ਰੇਲ ਗੱਡੀਆਂ ਇਥੇ ਲਗਾਈਆਂ ਜਾਂਦੀਆਂ ਹਨ ਤਾਂ ਸਾਰੇ ਸ਼ਹਿਰ ਦਾ ਟਰੈਫਿਕ ਪ੍ਰਭਾਵਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਤੋਂ ਅਨਾਜ, ਖਾਦ, ਸੀਮਿੰਟ ਆਦਿ ਲਾਹੁਣ ਤੇ ਚੜ੍ਹਾਉਣ ਲੱਗਿਆਂ ਟਰੈਫਿਕ ਰੁਕ ਜਾਂਦਾ ਹੈ ਤੇ ਇਹ ਸਮਾਨ ਲਿਜਾਣ ਵਾਲੇ ਸੈਂਕੜੇ ਟਰੱਕ ਰੁਕੇ ਰਹਿੰਦੇ ਹਨ ਜਿਸ ਕਾਰਨ ਟਰੈਫਿਕ ਵੀ ਜਾਮ ਹੁੰਦਾ ਹੈ ਤੇ ਹਾਦਸੇ ਵੀ ਵਾਪਰਦੇ ਹਨ।
ਬਾਦਲ ਨੇ ਛਿੰਦਰਵਾੜਾ ਐਕਸਪ੍ਰੈਸ ਤੇ ਜੰਮੂਤਵੀ ਅਹਿਮਦਾਬਾਦ ਐਕਸਪ੍ਰੈਸ ਦੇ ਗੋਨਿਆਣਾ ਤੇ ਭਾਈ ਜਗਤਾ ਸਟੇਸ਼ਨਾਂ ’ਤੇ ਵਿਖੇ ਠਹਿਰਾਅ ਅਤੇ ਜੀਂਦ-ਫਿਰੋਜ਼ਪੁਰ, ਦਿੱਲੀ-ਫਿਰੋਜ਼ਪੁਰ (54641), ਦਿੱਲੀ ਫਿਰੋਜ਼ਪੁਰ (54043) ਅਤੇ ਮੁੰਬਈ ਫਿਰੋਜ਼ਪੁਰ ਜਾਣ ਵਾਲੀਆਂ ਰੇਲ ਗੱਡੀਆਂ ਤੇ ਫਿਰੋਜ਼ਪੁਰ-ਮੁੰਬਈ, ਫਿਰੋਜ਼ਪੁਰ ਦਿੱਲੀ (540440, ਫਿਰੋਜ਼ਪੁਰ ਦਿੱਲੀ (54642) ਅਤੇ ਫਿਰੋਜ਼ਪੁਰ-ਜੀਂਦ ਡਾਊਨ ਗੱਡੀਆਂ ਵੀ ਮਾਨਸਾ ਜ਼ਿਲ੍ਹੇ 'ਚ ਕੋਟਲੀ ਕਲਾਂ ਵਿਖੇ ਬਹਾਲ ਕੀਤੀਆਂ ਜਾਣ ਤਾਂ ਜੋ ਇਸਦਾ ਮਜ਼ਦੂਰਾਂ ਤੇ ਵਿਦਿਆਰਥੀਆਂ ਨੂੰ ਲਾਭ ਮਿਲ ਸਕੇ।
- PTC NEWS