400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਧਮਧਾਨ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ  

By  Shanker Badra April 7th 2021 05:36 PM

ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ, ਹਰਿਆਣਾ ਤੋਂ ਅਗਲੇ ਪੜਾਅ ਗੁਰਦੁਆਰਾ ਪਾਤਸ਼ਾਹੀ ਨੌਵੀਂ ਜੀਂਦ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸ. ਮੰਗਪ੍ਰੀਤ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ।

ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਨੌਜੁਆਨੀ ਨੂੰ ਪ੍ਰੇਰਣਾ ਲੈ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਿਰਕਤ ਕਰਨ ਦੀ ਪ੍ਰੇਰਨਾ ਕੀਤੀ। ਸਜੇ ਦੀਵਾਨ ਵਿਚ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਬਲਦੇਵ ਸਿੰਘ ਖਾਲਸਾ, ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਬਾਬਾ ਹਰਿੰਦਰ ਸਿੰਘ ਕਾਰਸੇਵਾ, ਗੁਰਦੁਆਰਾ ਧਮਧਾਨ ਸਾਹਿਬ ਦੇ ਮੈਨੇਜਰ ਜਗਪਾਲ ਸਿੰਘ ਸਮੇਤ ਹੋਰ ਆਗੂਆਂ ਵੱਲੋਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਦਿੱਤੇ ਗਏ।

ਨਗਰ ਕੀਰਤਨ ਦੀ ਰਵਾਨਗੀ ਸਮੇਂ ਸੰਗਤਾਂ ਨੇ ਹਾਜ਼ਰੀ ਭਰਦਿਆਂ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕੀਤਾ। ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰ ਕੇ ਸ਼ਰਧਾ ਪ੍ਰਗਟਾਈ। ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ ਸਨ। ਇਸ ਸਮੇਂ ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਮੰਗਪ੍ਰੀਤ ਸਿੰਘ, ਗੁਰਦੁਆਰਾ ਧਮਧਾਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੋਗਿੰਦਰ ਸਿੰਘ, ਸ. ਜਸਬੀਰ ਸਿੰਘ ਜੱਸੀ ਸਹਾਇਕ ਇੰਚਾਰਜ, ਸੁਪਰਵਾਈਜ਼ਰ ਸ. ਹਰਭਜਨ ਸਿੰਘ ਤੇ ਜਰਨੈਲ ਸਿੰਘ, ਟਹਿਲ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

-PTCNews

Related Post