ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੁੱਢਲ ਤੋਂ ਅੰਬਾਲਾ ਲਈ ਰਵਾਨਾ  

By  Shanker Badra April 16th 2021 06:40 PM

ਅੰਮ੍ਰਿਤਸਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸੁੱਢਲ ਤੋਂ ਅਗਲੇ ਪੜਾਅ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਲਈ ਰਵਾਨਾ ਹੋਇਆ ਹੈ।

ਰਵਾਨਗੀ ਤੋਂ ਪਹਿਲਾਂ ਸਜੇ ਦੀਵਾਨ ਵਿਚ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਨਗਰ ਕੀਰਤਨ ਦੀ ਰਵਾਨਗੀ ਸਮੇਂ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਦਿੱਤੇ ਗਏੇ। ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰ, ਬੀਬੀ ਮਨਜੀਤ ਕੌਰ ਬੰਦੋਲਾ, ਸਾਬਕਾ ਮੈਂਬਰ ਅਮਰਜੀਤ ਸਿੰਘ ਮੰਗੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।

ਨਗਰ ਕੀਰਤਨ ਦੀ ਅਗਲੇ ਪੜਾਅ ਲਈ ਰਵਾਨਗੀ ਸਮੇਂ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ ਗਿਆ। ਨਗਰ ਕੀਰਤਨ ਦਾ ਖੇੜੀ, ਸਸੋਲੀ, ਜਗਾਧਰੀ, ਸ਼ਾਹਬਾਦ ਮਾਰਕੰਡਾ, ਗੁਰਦੁਆਰਾ ਮਰਦੋਂ ਸਾਹਿਬ ਪਾ: ਨੌਵੀਂ, ਮਾਜਰੀ, ਗੁਰਦੁਆਰਾ ਲਖਨੌਰ ਸਾਹਿਬ, ਗੁਰਦੁਆਰਾ ਗੇਂਦਸਰ ਸਾਹਿਬ ਭਾਨੋਖੇੜੀ, ਮਟੇੜੀ ਸੇਖਾ, ਗੁਰਦੁਆਰਾ ਬਾਦਸ਼ਾਹੀ ਬਾਗ ਸਾਹਿਬ ਵਿਖੇ ਵੀ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

-PTCNews

Related Post