ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਜੱਫੀਆਂ ਪਾ ਕੇ ਸ਼ਹੀਦ ਪਰਿਵਾਰਾਂ ਦਾ ਨਿਰਾਦਰ ਕੀਤਾ:ਅਕਾਲੀ ਦਲ

By  Joshi August 18th 2018 08:29 PM

ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਜੱਫੀਆਂ ਪਾ ਕੇ ਸ਼ਹੀਦ ਪਰਿਵਾਰਾਂ ਦਾ ਨਿਰਾਦਰ ਕੀਤਾ:ਅਕਾਲੀ ਦਲ

ਰਾਹੁਲ ਗਾਂਧੀ ਨੂੰ ਪੁੱਛਿਆ ਕਿ ਤੁਸੀਂ ਜੁਆਬ ਦਿਓ ਕਿ ਕਾਂਗਰਸ ਨੇ ਸਿੱਧੂ ਆਪਣਾ ਤਮਾਸ਼ਾ ਬਣਾਉਣ ਦੀ ਆਗਿਆ ਕਿਉਂ ਦਿੱਤੀ?

ਚੰਡੀਗੜ੍ਹ/18 ਅਗਸਤ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਉੱਤੇ ਪਾਕਿਸਤਾਨ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀਆਂ ਪਾ ਕੇ ਸ਼ਹੀਦ ਪਰਿਵਾਰਾਂ ਦਾ ਨਿਰਾਦਰ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਜੋ ਵਿਵਹਾਰ ਕੀਤਾ ਹੈ, ਉਹ ਇੱਕ ਕੈਬਨਿਟ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉਸ ਵੱਲੋਂ ਜਨਤਕ ਤੌਰ ਤੇ ਕੀਤੇ ਗਲਵਕੜੀਆਂ ਦੇ ਮੁਜ਼ਾਹਰੇ ਨੇ ਸਿਰਫ ਸ਼ਹੀਦ ਪਰਿਵਾਰਾਂ ਨੂੰ ਹੀ ਠੇਸ ਨਹੀਂ ਪਹੁੰਚਾਈ, ਸਗੋਂ ਇਸ ਦੇਸ਼ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਜਦੋਂ ਪੂਰਾ ਮੁਲਕ ਸੋਗ ਵਿਚ ਡੁੱਬਾ ਹੋਇਆ ਸੀ, ਅਜਿਕੇ ਮੌਕੇ ਸਿੱਧੂ ਦਾ ਪਾਕਿਸਤਾਨ ਦੀ ਫੇਰੀ ਕਰਨਾ ਹੀ ਠੀਕ ਨਹੀਂ ਸੀ। ਉਹਨਾਂ ਕਿਹਾ ਕਿ ਸਿੱਧੂ ਨੇ ਸਿਰਫ ਇਹ ਫੇਰੀ ਕੀਤੀ, ਸਗੋਂ ਸਰਕਾਰੀ ਸੋਗ ਦੇ ਪੀਰੀਅਡ ਦੌਰਾਨ ਕਿਸੇ ਦੀ ਤਰ੍ਹਾਂ ਦੇ ਜਸ਼ਨਾਂ ਵਿਚ ਭਾਗ ਨਾ ਲੈਣ ਦੇ ਨਿਯਮਾਂ ਨੂੰ ਵੀ ਭੰਗ ਕੀਤਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜੁਆਬ ਦੇਣਾ ਬਣਦਾ ਹੈ ਕਿ ਸਿੱਧੂ ਨੂੰ ਪਾਕਿਸਤਾਨ ਜਾ ਕੇ ਆਪਣਾ ਤਮਾਸ਼ਾ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਉਹਨਾਂ ਕਿਹਾ ਕਿ ਰਾਹੁਲ ਅਕਸਰ ਦਹਿਸ਼ਤੀ ਹਮਲਿਆਂ ਵਿਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਗੱਲਾਂ ਕਰਦੇ ਹਨ। ਉਹਨਾਂ ਕਿਹਾ ਕਿ ਸਿੱਧੂ ਵੱਲੋਂ ਜਨਤਕ ਤੌਰ ਤੇ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਪਾਈਆਂ ਗਲਵੱਕੜੀਆਂ ਨੂੰ ਰਾਹੁਲ ਗਾਂਧੀ ਕਿਵੇਂ ਸਵੀਕਾਰ ਕਰਨਗੇ? ਇਹ ਸ਼ਰਮਨਾਕ ਹਰਕਤ ਪਾਕਿਸਤਾਨ ਦੇ ਹਮਲਿਆਂ ਤੋਂ ਆਪਣੀਆਂ ਜ਼ਿੰਦਗੀਆਂ ਦਾਅ ਉੱਤੇ ਲਾ ਕੇ ਸਰਹੱਦਾਂ ਦੀ ਰਾਖੀ ਕਰ ਰਹੇ ਸਾਡੇ ਬਹਾਦਰ ਜਵਾਨਾਂ ਦਾ ਮਨੋਬਲ ਤੋੜੇਗੀ।

ਡਾਕਟਰ ਚੀਮਾ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਦੌਰਾਨ ਮਕਬੂਜ਼ਾ ਕਮਸ਼ੀਰ ਦੇ ਪ੍ਰੀਮੀਅਰ ਮਸੂਦ ਖਾਨ ਨਾਲ ਬੈਠ ਕੇ ਸਿੱਧੂ ਨੇ ਮਕਬੂਜ਼ਾ ਕਸ਼ਮੀਰ ਉੱਤੇ ਪਾਕਿਸਤਾਨੀ ਦਾਅਵੇ ਨੂੰ ਮਾਨਤਾ ਦੇਣ ਦੀ ਬੇਵਕੂਫੀ ਵੀ ਕਰ ਲਈ ਹੈ। ਉਹਨਾਂ ਕਿਹਾ ਕਿ ਆਪਣੀ ਆਦਤ ਮੁਤਾਬਿਕ ਸਸਤੀ ਸ਼ੁਹਰਤ ਬਟੋਰਨ ਲਈ ਪਾਕਿਸਤਾਨੀ ਫੇਰੀ ਦੌਰਾਨ ਝੂਠੀ ਅੜੰਗੇਬਾਜ਼ੀ ਵਿਚ ਉਲਝਿਆ ਸਿੱਧੂ ਪਾਕਿਸਤਾਨ ਦੀ ਇਹ ਚਾਲ ਨਹੀਂ ਸਮਝ ਪਾਇਆ ਕਿ ਪਾਕਿਸਤਾਨ ਵੱਲੋਂ ਉਸ ਨੂੰ ਮਕਬੂਜ਼ਾ ਕਸ਼ਮੀਰ ਉੱੱਪਰ ਆਪਣੇ ਦਾਅਵੇ ਉੱਤੇ ਮੋਹਰ ਲਵਾਉਣ ਲਈ ਵਰਤਿਆ ਗਿਆ ਹੈ।

—PTC News

Related Post