ਲੁਧਿਆਣਾ ਬੰਬ ਧਮਾਕਾ: ਗੁਆਂਢੀਆਂ ਨੇ ਮੁਲਜ਼ਮ ਗਗਨਦੀਪ ਸਿੰਘ ਦੇ ਖੋਲ੍ਹੇ ਕਈ ਭੇਦ, ਕਹੀਆਂ ਇਹ ਗੱਲਾਂ

By  Riya Bawa December 26th 2021 05:01 PM

ਖੰਨਾ: ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਦੇ ਸੂਤਰਧਾਰ ਤੇ ਇਸ ਧਮਾਕੇ 'ਚ ਮਾਰੇ ਗਏ ਗਗਨਦੀਪ ਸਿੰਘ ਗੱਗੀ ਨੂੰ ਲੈ ਕੇ NIA ਵੱਲੋਂ ਲਗਾਤਾਰ ਜਾਂਚ ਜਾਰੀ ਹੈ। ਅਜਿਹੇ 'ਚ ਮੁਲਜ਼ਮ ਦੇ ਗੁਆਂਢੀਆਂ ਨੇ ਵੱਡੇ ਖੁਲਾਸੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਗੱਗੀ 2011 ’ਚ ਪੁਲਿਸ 'ਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਉਸ ਨੇ 2019 ਤੱਕ 9 ਸਾਲ ਦੀ ਨੌਕਰੀ ਦੌਰਾਨ ਨਸ਼ਾ ਸਮੱਗਲਿੰਗ ਰਾਹੀਂ ਕਿਰਾਏ ਦੇ ਮਕਾਨ ਤੋਂ ਇਕ ਆਲੀਸ਼ਾਨ ਕੋਠੀ ਬਣਾ ਲਈ।

ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਤੇ ਉਸ ਦੇ ਭਰਾ ਪ੍ਰੀਤਮ ਸਿੰਘ ਦੀ ਕਦੇ ਵੀ ਗੁਆਂਢੀਆਂ ਨਾਲ ਨਹੀਂ ਬਣੀ। ਪੁਲਿਸ ’ਚ ਚੰਗੀ ਪਹੁੰਚ ਹੋਣ ਕਾਰਨ ਜ਼ਿਆਦਾਤਰ ਲੋਕ ਦੋਵਾਂ ਭਰਾਵਾਂ ਤੋਂ ਡਰਦੇ ਸਨ। ਉਨ੍ਹਾਂ ਸਾਹਮਣੇ ਜੋ ਬੋਲਦੇ ਸਨ, ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ।

ਹੋਰ ਪੜ੍ਹੋ: ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਵਾਪਿਸ ਮੋੜਿਆ ਸਮਾਨ, ਭਾਵੁਕ ਹੋ ਕੇ ਲਿਖੀ ਇਹ ਗੱਲ, ਤੁਸੀਂ ਵੀ ਪੜ੍ਹੋ

ਅੱਗੇ ਗੁਆਂਢੀਆਂ ਨੇ ਦੱਸਿਆ ਕਿ ਗਗਨਦੀਪ ਸਿੰਘ ਨੇ ਸਭ ਤੋਂ ਪਹਿਲਾਂ ਜੀ. ਟੀ. ਬੀ. ਨਗਰ ਦੀ ਆਰ 13 ਨੰਬਰ ਗਲੀ ’ਚ ਘਰ ਲਿਆ ਸੀ। ਸਾਲ 2019 ’ਚ ਗਗਨਦੀਪ ਸਿੰਘ ਦੇ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਫੜੇ ਜਾਣ ਤੋਂ ਬਾਅਦ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਕਾਰਨ ਉਸ ਦੇ ਘਰ ਨੂੰ ਪਲੈੱਜ ਕਰ ਲਿਆ ਗਿਆ ਸੀ। ਗਗਨਦੀਪ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਭਰਾ ਪ੍ਰੀਤਮ ਨੇ ਪ੍ਰੋਫੈਸਰ ਕਾਲੋਨੀ ’ਚ ਨਵੀਂ ਕੋਠੀ ਬਣਵਾਈ ਸੀ।

ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਬੰਬ ਧਮਾਕੇ 'ਚ 1 ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ 'ਚ ਇਲਾਜ਼ ਚੱਲ ਰਿਹਾ ਹੈ।

 -PTC News

Related Post