ਪੰਜਾਬ 'ਆਪ' ਦੇ 10 ਮੰਤਰੀਆਂ ਨੂੰ ਮਿਲੀਆਂ ਦੋ-ਦੋ ਨਵੀਆਂ ਕਾਰਾਂ

By  Jasmeet Singh January 4th 2024 02:28 PM

ਚੰਡੀਗੜ੍ਹ: 'ਆਪ' ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ 15 ਮੰਤਰੀਆਂ 'ਚੋਂ 10 ਨੂੰ ਦੋ-ਦੋ ਨਵੀਆਂ ਕਾਰਾਂ ਦੇ ਰੂਪ 'ਚ ਨਵੇਂ ਸਾਲ ਦਾ ਤੋਹਫਾ ਮਿਲਿਆ ਹੈ। ਦਿ ਟ੍ਰਿਬਿਊਨ ਅਖ਼ਬਾਰ ਦੀ ਇੱਕ ਰਿਪੋਰਟ 'ਚ ਇਹ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਹ ਕਾਰਾਂ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਨ੍ਹਾਂ 10 ਮੰਤਰੀਆਂ ਵਿੱਚੋਂ ਹਰੇਕ ਨੂੰ ਸਟਾਫ ਕਾਰ ਵਜੋਂ ਇੱਕ ਨਵੀਂ ਇਨੋਵਾ ਕ੍ਰਿਸਟਾ ZX ਅਤੇ ਆਪਣੇ ਸੁਰੱਖਿਆ ਸਟਾਫ਼ ਲਈ ਇੱਕ ਨਵੀਂ ਬੋਲੈਰੋ ਪ੍ਰਾਪਤ ਹੋਈ ਹੈ। 

ਇਨ੍ਹਾਂ ਮੰਤਰੀਆਂ ਨੂੰ ਨਹੀਂ ਮਿਲੀ ਨਵੀਂ ਗੱਡੀ

ਰਿਪੋਰਟ 'ਚ ਅੱਗੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਚੀਮਾ, ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ ਅਰੋੜਾ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾ: ਬਲਜੀਤ ਕੌਰ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਤੋਂ ਇਲਾਵਾ ਬਾਕੀ ਸਾਰੇ ਮੰਤਰੀਆਂ ਨੂੰ ਨਵੀਆਂ ਕਾਰਾਂ ਮਿਲੀਆਂ ਹਨ।

CM ਮਾਨ ਨੇ ਰੱਦ ਕੀਤਾ 18 ਕਰੋੜ ਦਾ ਪ੍ਰਸਤਾਵ 

ਕਾਬਲੇਗੌਰ ਹੈ ਕਿ ਦੋ ਸਾਲ ਪਹਿਲਾਂ ਵੀ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦੇਣ ਲਈ 18 ਕਰੋੜ ਰੁਪਏ ਦੀ ਤਜਵੀਜ਼ ਤਿਆਰ ਕੀਤੀ ਗਈ ਸੀ, ਜਿਸ ਵਿੱਚ ਮੰਤਰੀਆਂ ਨੂੰ ਫਾਰਚੂਨਰ ਅਤੇ ਵਿਧਾਇਕਾਂ ਨੂੰ ਟੋਇਟਾ ਇਨੋਵਾ ਕ੍ਰਿਸਟਾ ਗੱਡੀਆਂ ਦਿੱਤੀਆਂ ਜਾਣੀਆਂ ਸਨ। ਜਦੋਂ 18 ਕਰੋੜ ਰੁਪਏ ਦਾ ਇਹ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਕੋਲ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ।

ਅਕਾਲੀ ਦਲ ਨੇ ਸਾਧਿਆ ਨਿਸ਼ਾਨਾ

ਵੰਡੀਆਂ ਨਵੀਆਂ ਗੱਡੀਆਂ 'ਤੇ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। 

ਉਨ੍ਹਾਂ ਆਪਣੇ X ਹੈਂਡਲ 'ਤੇ ਲਿਖਿਆ, "ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਬਜ਼ੁਰਗ ਪੈਨਸ਼ਨਾਂ ਦੀ ਉਡੀਕ ਕਰ ਰਹੇ ਨੇ, ਸਰਕਾਰੀ ਸਟਾਫ਼ ਆਪਣੇ ਭੱਤਿਆਂ ਦੀ ਉਡੀਕ ਕਰ ਰਿਹਾ ਹੈ ਪਰ ਇੱਥੇ "ਬਦਲਾਓ" ਤਾਂ ਇੱਥੇ ਹੈ, ਜਿੱਥੇ ਲਗਜ਼ਰੀ ਮੁਤਾਬਕ 2-2 ਕਾਰਾਂ ਨਾਲ ਬਦਲ ਹੋ ਰਿਹਾ ਹੈ। ਹੁਣ ਇਸ 'ਆਪ' ਸਰਕਾਰ 'ਚ ਪਾਖੰਡ ਨੂੰ ਨਵੀਂ ਪਰਿਭਾਸ਼ਾ ਦੀ ਲੋੜ ਹੈ।"

ਉੱਥੇ ਹੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ X ਹੈਂਡਲ 'ਤੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਨੂੰ ਨਵੇਂ ਸਾਲ ਦਾ ਤੋਹਫਾ 2500 ਕਰੋੜ ਰੁਪਏ ਦੇ ਨਵੇਂ ਕਰਜ਼ੇ ਵਜੋਂ ਮੁੱਖ ਮੰਤਰੀ ਸਾਬ ਭਗਵੰਤ ਮਾਨ ਨੇ ਦਿੱਤਾ ਹੈ। ਇਹ ਪੈਸਾ 'ਆਪ' ਦੇ ਮੰਤਰੀਆਂ ਲਈ ਨਵੀਂਆਂ ਗੱਡੀਆਂ ’ਤੇ ਖਰਚਿਆ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ DA ਦੇਣ ਲਈ ਸਰਕਾਰ ਕੋਲ ਪੈਸਾ ਨਹੀਂ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਤਨਖ਼ਾਹਾਂ ਨੂੰ ਤਰਸੇ ਪਏ ਨੇ ਪਰ ਗ੍ਰਾਂਟ ਦੇਣ ਲਈ 'ਆਪ' ਸਰਕਾਰ ਕੋਲ ਪੈਸੇ ਨਹੀਂ। ਇਸ਼ਤਿਹਾਰਬਾਜ਼ੀ ਵਾਸਤੇ 1000 ਕਰੋੜ ਰੁਪਏ ਤਾਂ ਹੈ ਪਰ ਲੋਕਾਂ ਦੀ ਭਲਾਈ ਵਾਸਤੇ ਕੋਈ ਪੈਸਾ ਨਹੀਂ ਹੈ। 

ਅੰਤ 'ਚ ਉਨ੍ਹਾਂ ਲਿਖਿਆ, "ਝੂਠੀਆਂ ਗਰੰਟੀਆਂ ਦੇਣ ਵਾਲਿਆਂ ਤੋਂ ਅੱਕੇ ਪੰਜਾਬੀ।"

ਇਹ ਵੀ ਪੜ੍ਹੋ: 
- Auto Driver ਨੇ ਮਾਰਿਆ ਪੰਜਾਬ ਪੁਲਿਸ ਦਾ DSP,ਪੁਲਿਸ ਕਮਿਸ਼ਨਰ ਨੇ ਦੱਸੀ ਸਾਰੀ ਘਟਨਾ
- DSP Dalbir Singh ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
- Punjabi singer Kaka ਨੇ girlfriend ਨਾਲ ਸਾਂਝੀ ਕੀਤੀ ਤਸਵੀਰ, ਤੁਸੀਂ ਵੀ ਦੇਖੋ
- Punjab Weather: ਪੰਜਾਬ ’ਚ ਠੰਢ ਨੇ ਫੜਿਆ ਜ਼ੋਰ; ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ

Related Post