AAP MLA ਪੰਡੋਰੀ ਨੇ ਅਰਦਾਸ ਦੇ ਸ਼ਬਦ ਸਿਆਸੀ ਆਕਾਵਾਂ ਦੀ ਖੁਸ਼ਾਮਦ ਚ ਵਰਤ ਕੇ ਬੇਸ਼ਰਮੀ ਦੀ ਹੱਦ ਟੱਪੀ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਗਿਆਨੀ ਰਘਬੀਰ ਸਿੰਘ ਨੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਦੇ ਸਿਆਸੀ ਆਕਾਵਾਂ ਦੀ ਖੁਸ਼ਾਮਦ ਵਿਚ ਵਰਤਣ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਕਰਾਰ ਦਿੱਤਾ ਹੈ।

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਦੇ ਸਿਆਸੀ ਆਕਾਵਾਂ ਦੀ ਖੁਸ਼ਾਮਦ ਵਿਚ ਵਰਤਣ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਕਰਾਰ ਦਿੱਤਾ ਹੈ।
ਅਰਦਾਸ ਨੂੰ ਲੈ ਕੇ ਕੀ ਬੋਲੇ ਪੰਡੋਰੀ?
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਾਵਨ ਅਰਦਾਸ ਦਾ ਇਕ-ਇਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ ਅਤੇ ਗੁਰਬਾਣੀ ਦੇ ਫਲਸਫੇ ਦੀ ਸੇਧ ਵਿਚ ਨਿਓਟਿਆਂ ਦੀ ਓਟ ਅਤੇ ਨਿਤਾਣਿਆਂ ਦੇ ਤਾਣ ਸ਼ਬਦ ਕੇਵਲ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਦੇ ਪ੍ਰਥਾਇ ਵਰਤੇ ਜਾਂਦੇ ਹਨ ਪਰ ਇਕ ਵੀਡਿਓ ਕਲਿਪ ਉਨ੍ਹਾਂ ਦੇ ਧਿਆਨ ਵਿਚ ਆਈ ਹੈ ਜਿਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਨਿਤਾਣਿਆਂ ਦੇ ਤਾਣ ਤੇ ਨਿਓਟਿਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਵਿਚ ਬੋਲਿਆ ਗਿਆ ਹੈ, ਜੋ ਕਿ ਇਕ ਬੱਜਰ ਗਲਤੀ ਹੈ।