PTC News
Search
🔍 Search

AAP ਚ ਬਗ਼ਾਵਤ ਕਿਉਂ ? ਚੇਤਨ ਜੋੜਾਮਾਜਰਾ ਤੇ ਹਰਮੀਤ ਪਠਾਨਮਾਜਰਾ ਦੇ ਪਾਰਟੀ ਛੱਡਣ ਪਿੱਛੇ ਕੀ ਹੈ ਰਾਜਨੀਤੀ ?

AAP MLAs Resignation : ਭਾਵੇਂ ਦੋਵੇਂ ਵਿਧਾਇਕਾਂ ਦਾ ਅਸਤੀਫ਼ਿਆਂ ਨੂੰ ਲੈ ਕੇ ਕੋਈ ਜਨਤਕ ਬਿਆਨ ਤਾਂ ਨਹੀਂ ਸਾਹਮਣੇ ਆਇਆ, ਪਰੰਤੂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਚੇਤਨ ਜੋੜਾਮਾਜਰਾ ਤੇ ਹਰਮੀਤ ਪਠਾਨਮਾਜਰਾ, ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

By  KRISHAN KUMAR SHARMA November 1st 2026 02:06 PM -- Updated: November 1st 2026 03:07 PM

AAP MLAs Resignation : ਪੰਜਾਬ ਵਿਧਾਨ ਸਭਾ ਚੋਣਾਂ 'ਚ ਕੁੱਝ ਹੀ ਸਮਾਂ ਬਾਕੀ ਰਹਿ ਗਿਆ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਥੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਹਮਲਿਆਂ ਨਾਲ ਆਮ ਆਦਮੀ ਪਾਰਟੀ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ, ਉਥੇ ਹੁਣ ਪਾਰਟੀ 'ਚ ਅੰਦਰੂਨੀ ਬਗਾਵਤ ਵੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ 'ਆਪ' ਦੇ ਦੋ ਵਿਧਾਇਕਾਂ ਨੇ ਇਹ ਅਸਤੀਫਾ ਦੇ ਕੇ ਜਤਾ ਦਿੱਤਾ ਹੈ, ਕਿ ਉਹ ਪਾਰਟੀ ਅਤੇ ਉਸ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ। ਚੇਤਨ ਸਿੰਘ ਜੋੜਾਮਾਜਰਾ ਅਤੇ ਹਰਮੀਤ ਸਿੰਘ ਪਠਾਨਮਾਜਰਾ ਦੇ ਅਸਤੀਫਿਆਂ ਤੋਂ ਬਾਅਦ ਹੁਣ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਿਰ ਹੁਣ ਇਹ ਦੋਵੇਂ ਵਿਧਾਇਕ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਗੇ ?

ਕਿਹੜੀ ਪਾਰਟੀ 'ਚ ਹੋ ਸਕਦੇ ਹਨ ਸ਼ਾਮਲ ?

ਫਿਲਹਾਲ, ਭਾਵੇਂ ਦੋਵੇਂ ਵਿਧਾਇਕਾਂ ਦਾ ਅਸਤੀਫ਼ਿਆਂ ਨੂੰ ਲੈ ਕੇ ਕੋਈ ਜਨਤਕ ਬਿਆਨ ਤਾਂ ਨਹੀਂ ਸਾਹਮਣੇ ਆਇਆ, ਪਰੰਤੂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਚੇਤਨ ਜੋੜਾਮਾਜਰਾ ਤੇ ਹਰਮੀਤ ਪਠਾਨਮਾਜਰਾ, ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦੇਰ ਰਾਤ ਚੰਡੀਗੜ੍ਹ 'ਚ ਪਹੁੰਚਣਾ ਵੀ ਮੰਨਿਆ ਜਾ ਰਿਹਾ ਹੈ। ਮਾਹਰਾਂ ਅਨੁਸਾਰ, ਦੋਵਾਂ ਵਿਧਾਇਕ ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ 'ਚ ਸ਼ਮੂਲੀਅਤ ਕਰ ਸਕਦੇ ਹਨ।

ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਵੀ ਵਿਧਾਇਕਾਂ ਦੇ ਅਸਤੀਫੇ 'ਤੇ ਬਿਆਨ ਜਾਰੀ ਕੀਤਾ ਹੈ ਕਿ ਦੋਵਾਂ ਵਿਧਾਇਕਾਂ ਦੀਆਂ ਹਰਕਤਾਂ ਕਰਕੇ ਪਾਰਟੀ ਨੇ ਪਹਿਲਾਂ ਹੀ ਇਨ੍ਹਾਂ ਨੂੰ ਲਾਂਭੇ ਕੀਤਾ ਹੋਇਆ ਸੀ। ਹੁਣ ਇਹ ਦੋਵੇਂ ਉਸ ਭਾਜਪਾ ਵਿਚ ਜਾਣਗੇ, ਜਿਸ ਨੂੰ ਪੰਜਾਬ ਵਿਚ ਉਮੀਦਵਾਰ ਨਹੀਂ ਲੱਭ ਰਹੇ, ਭਾਜਪਾ ਰਹਿੰਦ-ਖੂੰਹਦ ਵਾਲੀ ਪਾਰਟੀ ਹੀ ਹੈ, ਜਿਸ ਕੋਲ ਪਾਰਟੀਆਂ ਦੇ ਕੱਢੇ ਲੋਕ ਹੀ ਜਾਂਦੇ ਹਨ।

ਸਤੰਬਰ 2025 'ਚ ਸ਼ੁਰੂ ਹੋਇਆ ਸੀ ਪਠਾਨਮਾਜਰਾ ਤੇ ਸਰਕਾਰ ਵਿਚਾਲੇ ਟਕਰਾਅ

ਦੱਸ ਦਈਏ ਕਿ ਇਹ ਪਠਾਨਮਾਜਰਾ ਤੇ ਸਰਕਾਰ ਵਿਚਾਲੇ ਟਕਰਾਅ ਦੀ ਸ਼ੁਰੂਆਤ ਸਤੰਬਰ 2025 'ਚ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਸੀ, ਜਦੋਂ ਉਨ੍ਹਾਂ ਨੇ ਹੜ੍ਹ ਅਤੇ ਆਪਣੇ ਵਿਧਾਨ ਸਭਾ ਹਲਕੇ 'ਚ ਨਦੀਆਂ-ਨਾਲਿਆਂ ਦੀ ਸਫ਼ਾਈ ਨੂੰ ਲੈ ਕੇ ਸਰਕਾਰ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਅਤੇ ਹਲਕੇ 'ਚ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦਾ ਮਾਮਲਾ ਵੀ ਚਰਚਾ 'ਚ ਆਇਆ ਸੀ।

ਹਰਮੀਤ ਸਿੰਘ ਪਠਾਨਮਾਜਰਾ - ਬਲਾਤਕਾਰ ਤੇ ਗ਼ੈਰ-ਕਾਨੂੰਨੀ ਮਾਈਨਿੰਗ ਮਾਮਲਾ 'ਚ ਮੁਲਜ਼ਮ

ਸਤੰਬਰ 2025 ਵਿੱਚ, ਇੱਕ ਔਰਤ (ਉਸਦੀ ਸਾਬਕਾ ਪਤਨੀ) ਦੀ ਸ਼ਿਕਾਇਤ ਦੇ ਆਧਾਰ 'ਤੇ, ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਉਸਦੇ ਖਿਲਾਫ ਬਲਾਤਕਾਰ, ਧੋਖਾਧੜੀ ਅਤੇ ਧਮਕੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਔਰਤ ਨੇ ਦੋਸ਼ ਲਗਾਇਆ ਕਿ ਪਠਾਨ ਮਾਜਰਾ ਨੇ ਉਸ ਨਾਲ ਸਬੰਧ ਬਣਾਏ ਸਨ ਅਤੇ ਤਲਾਕਸ਼ੁਦਾ ਹੋਣ ਦਾ ਦਾਅਵਾ ਕਰਕੇ ਉਸ ਨਾਲ ਵਿਆਹ ਕੀਤਾ ਸੀ, ਭਾਵੇਂ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।

ਕੇਸ ਦਰਜ ਹੋਣ ਤੋਂ ਬਾਅਦ, ਉਹ ਕਈ ਮਹੀਨਿਆਂ ਤੱਕ ਪੁਲਿਸ ਹਿਰਾਸਤ ਤੋਂ ਬਾਹਰ ਰਿਹਾ, ਜਿਸ ਤੋਂ ਬਾਅਦ ਅਦਾਲਤ ਨੇ ਉਸਨੂੰ ਭਗੌੜਾ ਐਲਾਨ ਦਿੱਤਾ। ਉਹ ਥੋੜ੍ਹੇ ਸਮੇਂ ਲਈ ਵਿਦੇਸ਼ (ਆਸਟ੍ਰੇਲੀਆ) ਵੀ ਭੱਜ ਗਿਆ। ਅੰਤ ਵਿੱਚ, ਮਾਰਚ 2026 ਵਿੱਚ, ਪੰਜਾਬ ਪੁਲਿਸ ਨੇ ਸੱਤ ਰਾਜਾਂ ਵਿੱਚ 'ਆਪ੍ਰੇਸ਼ਨ ਪਠਾਨ' ਚਲਾਇਆ ਅਤੇ ਉਸਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਨੇੜੇ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਮਈ 2026 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸਨੂੰ ਨਿਯਮਤ ਜ਼ਮਾਨਤ ਦੇ ਦਿੱਤੀ।

ਗੈਰ-ਕਾਨੂੰਨੀ ਮਾਈਨਿੰਗ ਕੇਸ : ਬਲਾਤਕਾਰ ਕੇਸ ਦੇ ਨਾਲ ਸਤੰਬਰ 2025 ਵਿੱਚ ਪਟਿਆਲਾ ਵਿੱਚ ਉਸਦੇ ਖਿਲਾਫ ਗੈਰ-ਕਾਨੂੰਨੀ ਮਾਈਨਿੰਗ ਦਾ ਇੱਕ ਹੋਰ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ।

ਚੇਤਨ ਸਿੰਘ ਜੌੜਾਮਾਜਰਾ - ਕੁੱਝ ਮਹੀਨਿਆਂ ਪਿੱਛੋਂ ਹੀ ਚਲੀ ਗਈ ਸੀ ਸਿਹਤ ਮੰਤਰੀ ਦੀ ਕੁਰਸੀ 

ਦੱਸ ਦਈਏ ਕਿ ਚੇਤਨ ਸਿੰਘ ਜੌੜਾਮਾਜਰਾ ਨੇ 29 ਜੁਲਾਈ, 2022 ਨੂੰ ਜਦੋਂ ਸਿਹਤ ਮੰਤਰੀ ਵਜੋਂ ਸੇਵਾ ਨਿਭਾਉਂਦੇ ਹੋਏ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ ਸੀ ਤਾਂ ਵਿਵਾਦ ਖੜਾ ਹੋ ਗਿਆ ਸੀ। ਨਿਰੀਖਣ ਮੌਕੇ ਡਰਮਾਟੋਲੋਜੀ ਵਾਰਡ ਵਿੱਚ ਮਰੀਜ਼ਾਂ ਦੇ ਬਿਸਤਰਿਆਂ 'ਤੇ ਗੰਦੇ ਅਤੇ ਫਟੇ ਹੋਏ ਗੱਦੇ ਦੇਖ ਕੇ ਉਹ ਨਾਰਾਜ਼ ਹੋ ਗਏ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਤਤਕਾਲੀ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੀ ਉੱਥੇ ਮੌਜੂਦ ਸਨ। ਜੌੜਾਮਾਜਰਾ ਨੇ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਝਿੜਕਿਆ ਅਤੇ ਉਸੇ ਗੰਦੇ ਗੱਦੇ 'ਤੇ ਲੇਟਣ ਲਈ ਕਿਹਾ। ਇਸ ਘਟਨਾ ਦਾ ਇੱਕ ਵੀਡੀਓ ਵਾਇਰਲ ਹੋ ਗਿਆ, ਜਿਸ ਨਾਲ ਦੇਸ਼ ਵਿਆਪੀ ਵਿਵਾਦ ਖੜ੍ਹਾ ਹੋ ਗਿਆ ਸੀ। ਅਖੀਰ ਇਹ ਵਿਵਾਦ ਇੰਨਾ ਵਧ ਗਿਆ ਸੀ ਕਿ ਜੋੜਾਮਾਜਰਾ ਨੂੰ ਸਿਹਤ ਮੰਤਰੀ ਤੋਂ ਹਟਾਉਣਾ ਪਿਆ ਸੀ।

ਅਧਿਆਪਕਾਂ ਨਾਲ ਵੀ ਵਿਵਾਦ ਪਿੱਛੋਂ ਮੰਗੀ ਸੀ ਮਾਫ਼ੀ

ਅਪ੍ਰੈਲ 2025 ਵਿੱਚ, ਜੋਧਾ ਮਾਜਰਾ ਆਪਣੇ ਹਲਕੇ, ਸਮਾਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ। ਸਕੂਲ ਦੇ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ, ਉਸਨੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਜਨਤਕ ਤੌਰ 'ਤੇ ਝਿੜਕਿਆ। ਉਸਨੇ ਅਧਿਆਪਕਾਂ ਦੇ ਕੰਮ ਕਰਨ ਦੇ ਢੰਗ 'ਤੇ ਸਵਾਲ ਉਠਾਏ ਅਤੇ ਉਨ੍ਹਾਂ ਨੂੰ ਤਬਾਦਲੇ ਅਤੇ ਇੱਥੋਂ ਤੱਕ ਕਿ ਮੁਅੱਤਲ ਕਰਨ ਦੀ ਧਮਕੀ ਵੀ ਦਿੱਤੀ। ਨਤੀਜੇ ਵੱਜੋਂ ਅਧਿਆਪਕ ਜਥੇਬੰਦੀਆਂ 'ਚ ਭਾਰੀ ਰੋਸ ਸੀ ਅਤੇ ਵੱਡੇ ਸੰਘਰਸ਼ ਤਹਿਤ ਜੋੜਾਮਾਜਰਾ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਵੱਧਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਵਿਧਾਇਕ ਨੇ ਜਨਤਕ ਤੌਰ 'ਤੇ ਬਿਨਾਂ ਸ਼ਰਤ ਮੁਆਫੀ ਮੰਗ ਲਈ ਸੀ।

ਅਸਤੀਫਾ ਦੇਣ ਪਿੱਛੇ ਕੀ ਹੈ ਕਾਰਨ ? 

ਸਿਆਸੀ ਮਾਹਰਾਂ ਅਨੁਸਾਰ, ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਅਤੇ ਹਰਮੀਤ ਸਿੰਘ ਪਠਾਨਮਾਜਰਾ (Harmeet Singh Pathanmajra) ਦਾ ਆਮ ਆਦਮੀ ਪਾਰਟੀ (AAP) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਪਿੱਛੇ ਅੰਦਰਖਾਤੇ ਵੋਟ ਕੱਟੇ ਜਾਣਾ ਮੰਨਿਆ ਜਾ ਰਿਹਾ ਹੈ। ਕਿਉਂਕਿ ਲੰਘੇ ਸ਼ਨੀਵਾਰ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਟ ਸਮੇਤ 40 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਪਹਿਲੀ ਸੂਚੀ ਵਿੱਚ ਇਨ੍ਹਾਂ ਦੋਵਾਂ ਦਾ ਨਾਮ ਜਾਰੀ ਨਹੀਂ ਕੀਤਾ ਗਿਆ।

ਸਿਆਸੀ ਮਾਹਰਾਂ ਅਨੁਸਾਰ, ਭਾਵੇਂ ਪਹਿਲੀ ਸੂਚੀ ਵਿੱਚ ਇਨ੍ਹਾਂ ਦੇ ਦੋਵੇਂ ਨਾਮ ਜਾਰੀ ਨਾ ਕੀਤੇ ਗਏ ਹੋਣ, ਪਰ ਫਿਰ ਵੀ ਦੋਵੇਂ ਵਿਧਾਇਕਾਂ ਨੂੰ ਆਪਣੀ ਟਿਕਟ ਕੱਟੇ ਜਾਣ ਦਾ ਸੰਕੇਤ ਸਨ, ਜਿਸ ਤੋਂ ਪਹਿਲਾਂ ਹੀ ਦੋਵਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

ਇਹ ਸੰਕੇਤ ਦੋਵਾਂ ਨੂੰ ਪਹਿਲਾਂ ਹੀ ਮਿਲ ਗਏ ਸਨ, ਜਦੋਂ ਪਾਰਟੀ ਨੇ ਰਣਜੋਧ ਹਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ, ਜਦੋਂ ਕਿ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਨਿਯੁਕਤੀਆਂ ਨੇ ਚੋਣਾਂ ਤੋਂ ਪਹਿਲਾਂ ਦੋਵਾਂ ਹਲਕਿਆਂ ਲਈ ਪਾਰਟੀ ਦੀਆਂ ਯੋਜਨਾਵਾਂ ਬਾਰੇ ਅਟਕਲਾਂ ਨੂੰ ਹਵਾ ਦਿੱਤੀ ਸੀ।

ਦੋਵੇਂ ਹਲਕਿਆਂ ਤੋਂ 'ਆਪ' ਨੂੰ ਕਿੰਨਾ ਨੁਕਸਾਨ ?

ਦੱਸ ਦਈਏ ਚੇਤਨ ਸਿੰਘ ਜੌੜਾਮਾਜਰਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਦਕਿ ਹਰਮੀਤ ਸਿੰਘ ਪਠਾਨਮਾਜਰਾ ਸਨੌਰ ਤੋਂ ਵਿਧਾਇਕ ਹਨ। 2022 ਦੀਆਂ ਚੋਣਾਂ 'ਚ ਚੇਤਨ ਸਿੰਘ ਜੋੜਾਮਾਜਰਾ ਨੇ 74375 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 39713 ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਜਦਕਿ ਸਨੌਰ ਤੋਂ ਹਰਮੀਤ ਸਿੰਘ ਪਠਾਨਮਾਜਰਾ ਨੇ 83893 ਵੋਟਾਂ ਲੈ ਕੇ ਵਿਰੋਧੀ ਅਕਾਲੀ ਉਮੀਦਵਾਰ ਨੂੰ 49122 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ।

ਇਨ੍ਹਾਂ ਦੋਵਾਂ ਹਲਕਿਆਂ ਤੋਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰਾਂ ਤੋਂ ਲਗਭਗ 50 ਫੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ।

ਸਿਆਸੀ ਮਾਹਰਾਂ ਅਨੁਸਾਰ, ਦੋਵਾਂ ਵਿਧਾਨ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਇਹ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਇਸ ਨੇ ਪਾਰਟੀ ਅੰਦਰ ਬਗਾਵਤੀ ਸੁਰਾਂ ਨੂੰ ਉਜਾਗਰ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ 'ਤੇ ਵੀ ਵਿਖਾਈ ਦੇ ਸਕਦੀਆਂ ਹਨ। ਮਾਹਰਾਂ ਅਨੁਸਾਰ, ਪਾਰਟੀ ਨੇ ਭਾਵੇਂ ਪਹਿਲੀ ਲਿਸਟ ਵਿੱਚ ਸਾਰੇ 40 ਉਮੀਦਵਾਰ ਪਹਿਲਾਂ ਵਾਲੇ ਹੀ ਉਤਾਰੇ ਹਨ, ਪਰੰਤੂ ਅਗਲੀਆਂ ਸੂਚੀਆਂ ਵਿੱਚ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ...AAP MLA Resignations : ਚੇਤਨ ਸਿੰਘ ਜੋੜਾਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਦਿੱਤਾ ਅਸਤੀਫ਼ਾ

Related Post