ਪਿੰਡ ਵਾਸੀਆਂ ਵੱਲੋਂ ਸਰਪੰਚ 'ਤੇ ਫੰਡ ਦੀ ਦੁਰਵਰਤੋਂ ਦੇ ਦੋਸ਼, ਬੀਡੀਪੀਓ ਨੇ ਵਿਕਾਸ ਕੰਮਾਂ ਦੀ ਕੀਤੀ ਜਾਂਚ

By  Ravinder Singh December 1st 2022 12:50 PM

ਹੁਸ਼ਿਆਰਪੁਰ : ਦਸੂਹਾ ਦੇ ਪਿੰਡ ਮੀਰਪੁਰ ਵਿਖੇ ਬੀਡੀਪੀਓ ਦਸੂਹਾ ਨੇ ਛੱਪੜ ਤੇ ਗਲੀਆਂ ਨਾਲੀਆਂ ਦੇ ਵਿਕਾਸ ਦੀ ਜਾਂਚ ਕੀਤੀ। ਪਿੰਡ ਵਾਸੀਆਂ ਵੱਲੋਂ ਲਗਾਏ ਦੋਸ਼ਾਂ ਮਗਰੋਂ ਬੀਡੀਪੀਓ ਵਿਕਾਸ ਕਾਰਜਾਂ ਦੀ ਜਾਂਚ ਲਈ ਪੁੱਜੇ। ਇਸ ਮਗਰੋਂ ਬੀਡੀਪੀਓ ਨੇ ਦੱਸਿਆ ਕਿ ਸਰਪੰਚ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਜੇ ਜਾਂਚ ਵਿਚ ਸਰਪੰਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 


ਹੁਸ਼ਿਆਰਪੂਰ ਦਸੂਹਾ ਦੇ ਪਿੰਡ ਮੀਰਪੁਰ 'ਚ ਬੀਡੀਪੀਓ ਦਸੂਹਾ ਧਨਵੰਤ ਸਿੰਘ ਰੰਧਾਵਾ ਵੱਲੋਂ ਅੱਜ ਪਿੰਡ ਦੇ ਛੱਪੜ, ਸ਼ਮਸ਼ਾਨਘਾਟ ਤੇ ਗਲੀਆਂ ਨਾਲੀਆਂ ਦੇ ਕੀਤੇ ਕੰਮਾਂ ਦੀ ਜਾਂਚ ਕੀਤੀ ਗਈ। ਮੀਰਪੁਰ ਪਿੰਡ ਵਾਸੀਆਂ ਨੇ ਸਰਪੰਚ ਲਖਬੀਰ ਸਿੰਘ ਉੱਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਮ ਉਤੇ ਪੰਚਾਇਤੀ ਫੰਡ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਬੀਡੀਪੀਓ ਦਸੂਹਾ ਵੱਲੋਂ ਪਿੰਡ ਦੇ ਛੱਪੜ ਗਲੀਆਂ-ਨਾਲੀਆਂ ਤੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ।

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਰਪੰਚ ਲਖਬੀਰ ਸਿੰਘ ਨੇ ਛੱਪੜ ਦੀ ਉਸਾਰੀ ਕਰਵਾਉਣ ਦੇ ਕੰਮ ਵਿਚ ਵੀ ਲੱਖਾਂ ਰੁਪਏ ਦਾ ਘਪਲਾ ਕੀਤਾ ਹੈ। ਛੱਪੜ ਦੀ ਨੀਂਹ ਜ਼ਮੀਨ ਦੇ ਉੱਪਰ ਹੀ ਰੱਖ ਦਿੱਤੀ ਗਈ ਹੈ ਅਤੇ ਜੋ ਬੀਮ ਛੱਪੜ ਵਿਚ ਕੱਢੇ ਗਏ ਹਨ ਉਨ੍ਹਾਂ ਵਿਚ ਸਰੀਏ ਦਾ ਇਸਤੇਮਾਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੱਪੜ ਦੇ ਕੰਮ ਦੇ ਨਾਂ ਉਪਰ ਸਰਕਾਰ ਦੇ ਲੱਖਾਂ ਰੁਪਏ ਸਰਪੰਚ ਨੇ ਗ਼ਬਨ ਕੀਤੇ ਹਨ ਜਿਸ 'ਚ ਵਿਭਾਗ ਦਾ ਜੇਈ ਅਰੁਣ ਕੁਮਾਰ ਵੀ ਸ਼ਾਮਲ ਹੈ। ਇਸ ਸਬੰਧੀ ਜਦੋਂ ਜੇਈ ਅਰੁਣ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਮਨ੍ਹਾਂ ਕਰ ਦਿੱਤਾ। ਪਿੰਡ ਮੀਰਪੁਰ ਦੇ ਲੋਕਾਂ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਸਰਪੰਚ ਲਖਬੀਰ ਸਿੰਘ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : 500 ਕਰੋੜ ਦੀ ਪੰਚਾਇਤੀ ਜ਼ਮੀਨ ਰੀਅਲ ਅਸਟੇਟ ਨੇ ਹੜੱਪੀ !

ਇਸ ਮੌਕੇ ਬੀਡੀਪੀਓ ਦਸੂਹਾ ਧਨਵੰਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪਿੰਡ ਮੀਰਪੁਰ ਦੇ ਵਿਕਾਸ ਕਾਰਜਾਂ ਦੀ ਜਾਂਚ ਕਰਨ ਲਈ ਸਰਪੰਚ ਲਖਬੀਰ ਸਿੰਘ ਨੂੰ ਅੱਜ ਹਾਜ਼ਰ ਹੋਣ ਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਸਰਪੰਚ ਮੌਕੇ ਉਤੇ ਹਾਜ਼ਰ ਨਹੀਂ ਹੋਏ। ਬੀਡੀਪੀਓ ਦਾ ਕਹਿਣਾ ਹੈ ਕਿ ਸਰਪੰਚ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਅਤੇ ਜੇਕਰ ਜਾਂਚ ਵਿਚ ਸਰਪੰਚ ਦੋਸ਼ੀ ਪਾਇਆ ਜਾਂਦਾ ਹੈ ਅਤੇ ਵਿਭਾਗ ਦਾ ਕੋਈ ਵੀ ਮੁਲਾਜ਼ਮ ਇਸ ਵਿਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਉਪਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post