ਬਠਿੰਡਾ: ਪੀਪਣੀ ਵਜਾਉਣ ਨੂੰ ਲੈ ਕੇ ਨਰਾਤਿਆਂ ਦੇ ਮੇਲੇ 'ਚ ਨੌਜਵਾਨ ਦਾ ਕਤਲ

By  Jasmeet Singh October 25th 2023 06:17 PM

ਬਠਿੰਡਾ: ਪਿੰਡ ਮੈਸਰਖਾਨਾ ਵਿਖੇ ਲੱਗੇ ਨਰਾਤਿਆਂ ਦੇ ਮੇਲੇ ਵਿੱਚ ਪੀਪਣੀ ਵਜਾਉਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। 

ਇਸ ਹਮਲੇ ਵਿੱਚ ਇੱਕ ਨੌਜਵਾਨ ਮਨਦੀਪ ਸਿੰਘ ਉਰਫ ਨੇਕਾ ਵਾਸੀ ਮੈਸਰਖਾਨਾ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਰੀਬ ਇੱਕ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। 


ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪਿੰਡ ਮੈਸਰਖਾਨਾ ਵਿਖੇ ਦੁਰਗਾ ਮਾਤਾ ਮੰਦਰ ਵਿਖੇ ਚੱਲ ਰਹੇ ਨਰਾਤਿਆਂ ਦੇ ਮੇਲੇ ਵਿੱਚ ਪੀਪਣੀ ਵਜਾਉਣ ਨੂੰ ਕੁਝ ਨੌਜਵਾਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ। ਜਿਸ ਤੋਂ ਬਾਅਦ ਇੱਕ ਧੜੇ ਵੱਲੋਂ ਮਨਦੀਪ ਸਿੰਘ ਅਤੇ ਰਣਜੀਤ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। 

ਇਸ ਹਮਲੇ ਵਿੱਚ ਮਨਦੀਪ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਰਣਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਰਣਜੀਤ ਸਿੰਘ ਵੱਲੋਂ ਪਹਿਲਾਂ ਪੁਲਿਸ ਨੂੰ ਗੁਮਰਾਹ ਕੀਤਾ ਗਿਆ ਪਰ ਸਖਤੀ ਨਾਲ ਪੁੱਛਕਿਛ ਕਰਨ 'ਤੇ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਤਕਰਾਰ ਪੀਪਣੀ ਵਜਾਉਣ ਨੂੰ ਲੈ ਕੇ ਹੋਈ। 

ਜਿਸ ਤੋਂ ਬਾਅਦ ਦੂਸਰੇ ਧੜੇ ਵੱਲੋਂ ਉਹਨਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਾਰ ਨੌਜਵਾਨ ਇਸ ਮਾਮਲੇ ਵਿੱਚ ਫਰਾਰ ਹਨ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਉਮਰ 19 ਸਾਲ ਤੋਂ ਲੈ ਕੇ 28 ਸਾਲ ਦੇ ਵਿਚਕਾਰ ਹੈ। 



ਐੱਸ.ਐੱਸ.ਪੀ ਬਠਿੰਡਾ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਪਹਿਲਾਂ ਕਿਸੇ ਅਪਰਾਧਿਕ ਘਟਨਾ ਨੂੰ ਅੰਜਾਮ ਤਾਂ ਨਹੀਂ ਦਿੱਤਾ ਗਿਆ ਅਸੀਂ ਚਾਰ ਰਹਿੰਦੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ’ਚ ਰਹੇ ਕੈਟ ਗੁਰਮੀਤ ਸਿੰਘ ਪਿੰਕੀ ਦੀ ਹੋਈ ਮੌਤ, ਇੱਥੇ ਜਾਣੋ ਕੈਟ ਨਾਲ ਜੁੜੇ ਵਿਵਾਦ

Related Post