ਅਧੂਰਾ ਰਹਿ ਜਾਵੇਗਾ ਕੈਪਟਨ ਦਾ ਸੁਪਨਾ? ਸਿਸਵਾਂ ਝੀਲ ਨਾਲ ਲਗਦੇ ਜੰਗਲ 'ਚ ਟ੍ਰੈਕਕਿੰਗ 'ਤੇ ਪਾਬੰਦੀ, ਸ਼ਹਿਰ ਵਾਸੀ ਨਿਰਾਸ਼

By  Jasmeet Singh November 2nd 2022 02:36 PM

ਜਸਮੀਤ ਸਿੰਘ, (ਮੁਹਾਲੀ, 2 ਨਵੰਬਰ): ਸਿਸਵਾਂ ਰਿਜ਼ਰਵ ਜੋ ਕਿ ਨਿਊ ਚੰਡੀਗੜ੍ਹ ਵਿੱਚ ਸ਼ਿਵਾਲਿਕ ਦੀ ਪਹਾੜੀਆਂ ਦੀ ਗੋਦ 'ਚ  ਸਥਿਤ ਹੈ, ਕੁਦਰਤ ਪ੍ਰੇਮੀਆਂ ਲਈ ਫਿਰਦੌਸ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਯਤਨਾਂ ਸਦਕਾ ਇਹ ਈਕੋ-ਟੂਰਿਜ਼ਮ ਵਿੱਚ ਆਪਣਾ ਨਾਮ ਬਣਾ ਰਿਹਾ ਹੈ। ਇਹ ਅਸਥਾਨ ਭਰਪੂਰ ਕੁਦਰਤੀ ਸੁੰਦਰਤਾ, ਸਿਸਵਾਂ ਡੈਮ ਅਤੇ ਇਸ ਦੇ ਆਲੇ-ਦੁਆਲੇ ਜੰਗਲੀ ਖੇਤਰ ਲੰਬੇ ਸਮੇਂ ਤੋਂ ਸ਼ਹਿਰ ਦੀ ਹੱਦ ਤੋਂ ਬਾਹਰ ਚੱਲ ਰਿਹਾ ਹੈ। ਹਾਲਾਂਕਿ ਇਸ ਈਕੋ-ਸੰਵੇਦਨਸ਼ੀਲ ਰਿਜ਼ਰਵ ਨੂੰ ਹੁਣ ਨਵਾਂ ਰੂਪ ਮਿਲ ਗਿਆ ਹੈ ਅਤੇ ਟਿਕਾਊ ਸੈਰ-ਸਪਾਟੇ ਲਈ ਖੋਲ੍ਹਿਆ ਗਿਆ ਹੈ।

ਅਫ਼ਸੋਸ ਇਸਨੂੰ ਸੈਰ-ਸਪਾਟੇ ਲਈ ਹੁਣ ਸੀਮਤ ਕਰ ਦਿੱਤਾ ਗਿਆ, ਟ੍ਰਾਈਸਿਟੀ ਤੇ ਸਿਸਵਾਂ ਦੇ ਆਲੇ-ਦੁਆਲੇ ਤੋਂ ਆਉਣ ਵਾਲੇ ਪਰਿਵਾਰਾਂ ਨੂੰ ਇਹ ਤੱਥ ਜਾਣ ਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਰਮਣੀਕ ਅਸਥਾਨ 'ਤੇ ਟ੍ਰੈਕਕਿੰਗ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਵਿਭਾਗ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਨੌਜਵਾਨਾਂ ਤੇ ਪ੍ਰੇਮੀ ਜੋੜਿਆਂ ਵੱਲੋਂ ਸਿਸਵਾਂ ਰਿਜ਼ਰਵ 'ਚ ਮੌਜੂਦ 6 ਕਿਲੋਮੀਟਰ ਦੀ ਟ੍ਰੈਕਕਿੰਗ ਰੇਂਜ ਦੇ ਆਲੇ-ਦੁਆਲੇ ਇਤਰਾਜ਼ਯੋਗ ਹਰਕਤਾਂ ਕਰਕੇ ਇੱਥੇ ਟ੍ਰੈਕਕਿੰਗ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ ਇਸ ਸਾਈਟ ਨੂੰ ਇੱਕ ਮਨੋਰੰਜਨ ਜ਼ੋਨ ਵਿੱਚ ਬਦਲਣ ਦੇ ਯਤਨ ਕੀਤੇ ਜਾ ਰਹੇ ਸਨ। ਚੰਡੀਗੜ੍ਹ-ਬੱਦੀ ਰੋਡ 'ਤੇ ਸਥਿਤ ਇਹ ਵੱਖ-ਵੱਖ ਤਰ੍ਹਾਂ ਦੇ ਜੰਗਲੀ ਜੀਵਾਂ ਲਈ ਇੱਕ ਕੁਦਰਤੀ ਨਿਵਾਸ ਸਥਾਨ ਹੈ, ਜਿਸ ਕਾਰਨ ਇਸ ਖੇਤਰ ਵਿੱਚ ਕੋਈ ਵਿਕਾਸ ਨਹੀਂ ਕੀਤਾ ਗਿਆ ਸੀ। ਵਾਈਲਡਲਾਈਫ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਸਿਸਵਾਂ ਰਿਜ਼ਰਵ ਵਿੱਚ 116 ਪੰਛੀਆਂ ਦੀਆਂ ਕਿਸਮਾਂ ਦਰਜ ਕੀਤੀਆਂ ਗਈਆਂ। ਦੇਸੀ ਪੌਦਿਆਂ ਦੀਆਂ ਕੁੱਲ 160 ਕਿਸਮਾਂ ਵੀ ਰਜਿਸਟਰ ਕੀਤੀਆਂ ਗਈਆਂ। 

ਇਹ ਵੀ ਪੜ੍ਹੋ: 40 ਸਾਲ ਬਾਅਦ ਹਰ ਔਰਤ ਇਹ ਚੀਜ਼ਾਂ ਨੂੰ ਆਪਣੀ ਡਾਇਟ 'ਚ ਕਰੇ ਸ਼ਾਮਿਲ  

ਇੱਥੇ ਮੌਜੂਦ ਮਿਰਜ਼ਾਪੁਰ ਦੇ ਜੰਗਲਾਂ ਤੱਕ 6 ਕਿਲੋਮੀਟਰ ਦਾ ਟ੍ਰੈਕ ਖਿੱਚ ਦਾ ਕੇਂਦਰ ਹੈ ਪਰ ਹੁਣ ਸੈਰ-ਸਪਾਟੇ ਲਈ ਬੰਦ ਹੋ ਚੁੱਕਿਆ। ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਇੱਥੇ ਜੰਗਲ ਸਫਾਰੀ ਅਤੇ ਟੈਂਟ ਸਿਟੀ ਵਰਗੀਆਂ ਮਨੋਰੰਜਨ ਗਤੀਵਿਧੀਆਂ ਜਲਦ ਪੇਸ਼ ਕੀਤੀਆਂ ਜਾਣੀਆ ਸਨ। ਜਿਸ ਲਈ ਇੱਥੇ ਢਾਂਚੇ ਵੀ ਤਿਆਰ ਕੀਤੇ ਗਏ ਹਨ ਪਰ ਸਾਲ ਤੋਂ ਉੱਤੇ ਹੋ ਚੁੱਕਿਆ 'ਤੇ ਨਾ ਤਾਂ ਆਉਣ ਵਾਲੇ ਸੈਲਾਨੀ ਇੱਥੇ ਬਣਾਏ ਗਏ ਟੈਂਟ ਹਾਊਸ ਦਾ ਆਨੰਦ ਮਾਨ ਸਕਦੇ ਤੇ ਰਿਸੈਪਸ਼ਨ ਸੈਂਟਰ ਵੀ ਬੰਦ ਹੀ ਰਹਿੰਦਾ ਹੈ। 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਕਿ ਸਿਸਵਾਂ ਝੀਲ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਦੀ ਤਰਜ 'ਤੇ ਵਿਕਸਿਤ ਕੀਤਾ ਜਾਵੇ, ਪੂਰਾ ਹੁੰਦਾ ਨਹੀਂ ਜਾਪਦਾ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਦਾ ਨਵਾਂ ਫਾਰਮ ਹਾਊਸ ਵੀ ਸਿਸਵਾਂ ਰਿਜ਼ਰਵ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਹੀ ਸਥਿਤ ਹੈ। ਕੈਪਟਨ ਦੇ ਸਰਕਾਰ 'ਚ ਰਹਿੰਦੀਆਂ ਹੀ ਸਾਬਕਾ ਮੁੱਖ ਮੰਤਰੀ ਦੇ ਯਤਨਾ ਸਕਦਾ ਇੱਥੇ ਕੁੱਝ ਵਿਕਾਸ ਹੋਇਆ ਪਰ ਇਲਾਕਾ ਵਾਸੀਆਂ ਨੂੰ ਇਸ ਖੇਤਰ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਹੋਣ ਤੇ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਰਿਜ਼ਰਵ ਨੂੰ ਟੱਕਰ ਦੇਣ ਬਾਬਤ ਹੱਲੇ ਕਾਫ਼ੀ ਇੰਤਜ਼ਾਰ ਕਰਨਾ ਪਵੇਗਾ।

Related Post