ਭ੍ਰਿਸ਼ਟਾਚਾਰ ਦੇ ਮਾਮਲੇ 'ਚ 'ਆਪ' ਵਿਧਾਇਕ ਦਾ ਸਾਲਾ, ਪੀਏ ਸਣੇ 3 ਗ੍ਰਿਫਤਾਰ

By  Jasmeet Singh November 16th 2022 03:17 PM

ਨਵੀਂ ਦਿੱਲੀ, 16 ਨਵੰਬਰ: ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ 'ਕੈਸ਼ ਫਾਰ ਟਿਕਟ' ਮਾਮਲੇ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਦੇ ਸਾਲੇ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਏਸੀਬੀ ਨੇ ਵਿਧਾਇਕ ਦੇ ਪੀਏ ਵਿਸ਼ਾਲ ਪਾਂਡੇ ਉਰਫ ਸ਼ਿਵ ਸ਼ੰਕਰ ਪਾਂਡੇ, ਜੀਜਾ ਓਮ ਸਿੰਘ ਅਤੇ ਪ੍ਰਿੰਸ ਰਘੂਵੰਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਕਮਲਾ ਨਗਰ ਦੇ ਵਾਰਡ ਨੰਬਰ 69 ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਸ਼ੋਭਾ ਖੜੀ ਨੇ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਸੀ ਅਤੇ ਇਲਜ਼ਾਮ ਹੈ ਕਿ ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੇ ਟਿਕਟ ਦਿਵਾਉਣ ਦੇ ਬਦਲੇ 90 ਲੱਖ ਰੁਪਏ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਅਖਿਲੇਸ਼ ਪਤੀ ਤ੍ਰਿਪਾਠੀ ਨੂੰ 35 ਲੱਖ ਰੁਪਏ ਅਤੇ ਵਜ਼ੀਰਪੁਰ ਦੇ ਵਿਧਾਇਕ ਰਾਜੇਸ਼ ਗੁਪਤਾ ਨੂੰ 20 ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਸਨ। ਉਸਨੇ ਕਿਹਾ ਕਿ ਬਾਕੀ 35 ਲੱਖ ਰੁਪਏ ਉਨ੍ਹਾਂ ਦਾ ਨਾਮ ਸੂਚੀ ਵਿੱਚ ਆਉਣ ਤੋਂ ਬਾਅਦ ਦਿੱਤੇ ਜਾਣੇ ਸਨ। ਸ਼ੋਭਾ ਖਰੀ ਨੇ ਕਿਹਾ ਕਿ ਸੂਚੀ ਵਿੱਚ ਨਾਮ ਨਾ ਆਉਣ 'ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਦੇ ਜੀਜਾ ਓਮ ਸਿੰਘ ਨੂੰ ਕੀਤੀ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਲਈ ਕਿਹਾ ਸੀ।

ਸ਼ਿਕਾਇਤਕਰਤਾ ਨੇ ਬਾਅਦ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (Anti Corrption Bureau) ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਰਿਸ਼ਵਤ ਦੇਣ ਦੇ ਸਮੇਂ ਦੀ ਰਿਕਾਰਡ ਕੀਤੀ ਵੀਡੀਓ ਵੀ ਸਬੂਤ ਵਜੋਂ ਏਜੰਸੀ ਨੂੰ ਮੁਹੱਈਆ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਏ.ਸੀ.ਬੀ. ਨੇ ਜਾਲ ਵਿਛਾਇਆ ਅਤੇ 15-16 ਨਵੰਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਓਮ ਸਿੰਘ ਆਪਣੇ ਸਾਥੀਆਂ ਸ਼ਿਵਸ਼ੰਕਰ ਪਾਂਡੇ ਅਤੇ ਪ੍ਰਿੰਸ ਰਘੂਵੰਸ਼ੀ ਨਾਲ 33 ਲੱਖ ਰੁਪਏ ਰਿਸ਼ਵਤ ਲੈਂਦਿਆਂ ਸ਼ਿਕਾਇਤਕਰਤਾ ਦੇ ਘਰ ਪਹੁੰਚਿਆ ਤਾਂ ਏ.ਸੀ.ਬੀ. ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਇੱਕ ਆਜ਼ਾਦ ਗਵਾਹ ਦੀ ਮੌਜੂਦਗੀ ਵਿੱਚ ਨਕਦੀ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਰਿਸ਼ਵਤ ਲਈ ਵਰਤੇ ਕੋਡ 

ਰਿਸ਼ਵਤ ਲਈ ਨਿਯਮਤ ਕੋਡ ਵਰਤੇ ਗਏ ਸਨ। 90 ਗ੍ਰਾਮ ਦੁੱਧ ਦਾ ਮਤਲਬ 90 ਲੱਖ, 35 ਗ੍ਰਾਮ ਦੁੱਧ ਦਾ ਮਤਲਬ 35 ਲੱਖ। ਏ.ਸੀ.ਬੀ ਦੁਆਰਾ ਬਰਾਮਦ ਕੀਤੇ ਗਏ 33 ਲੱਖ ਰੁਪਏ ਐਮ.ਸੀ.ਡੀ ਟਿਕਟ ਲਈ ਸ਼ੁਰੂ ਵਿੱਚ ਅਦਾ ਕੀਤੀ ਗਈ ਰਕਮ ਦਾ ਹਿੱਸਾ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਸ ਨੇ ਇਸੇ ਤਰ੍ਹਾਂ ਟਿਕਟ ਦੇ ਨਾਂ 'ਤੇ ਕਿਸੇ ਹੋਰ ਤੋਂ ਰਿਸ਼ਵਤ ਲਈ ਹੈ। ਏ.ਸੀ.ਬੀ ਜਲਦੀ ਹੀ ਇਸ ਮਾਮਲੇ ਵਿੱਚ ਦੋਵਾਂ ਵਿਧਾਇਕਾਂ ਤੋਂ ਪੁੱਛਗਿੱਛ ਕਰੇਗੀ।

Related Post