ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਡੀਸੀ ਨੂੰ ਮੰਗ ਪੱਤਰ

By  Ravinder Singh December 2nd 2022 03:12 PM

ਪਟਿਆਲਾ : ਅਕਾਲ ਯੂਥ ਤੇ ਹੋਰ ਸਿੱਖ ਜਥੇਬੰਦੀਆਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਮੈਮੋਰੰਡਮ ਦੇ ਕੇ ਬੁੜੈਲ ਜੇਲ੍ਹ ਵਿਚ 28 ਸਾਲਾਂ ਤੋਂ ਬੰਦ ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਨਾ ਕੀਤੇ ਜਾਣ ਉਤੇ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਵਿਚ ਪੰਜਾਬ ਸਰਕਾਰ ਵੱਲੋਂ ਅੜਿੱਕਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭਾਈ ਗੁਰਮੀਤ ਸਿੰਘ 28 ਸਾਲਾਂ ਤੋਂ ਬੁੜੈਲ ਜੇਲ੍ਹ ਵਿਚ ਬੰਦ ਹਨ ਅਤੇ ਪਿਛਲੇ 10 ਸਾਲਾਂ ਤੋਂ ਪੈਰੋਲ ਉਪਰ ਆ ਰਹੇ ਹਨ ਪਰ ਉਨ੍ਹਾਂ ਦੀ ਪੱਕੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅੜਿੱਕਾ ਪਾਇਆ ਜਾ ਰਿਹਾ ਹੈ।

ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਆਏ ਵਫਦ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਪੰਜਾਬ ਸਰਕਾਰ ਨੇ ਭਾਈ ਸਾਹਿਬ ਦੀ ਪੱਕੀ ਰਿਹਾਈ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੀ ਰਿਹਾਈ ਦੇਸ਼ ਲਈ ਖਤਰਾ ਹੈ। ਜਦ ਕਿ ਭਾਈ ਸਾਹਿਬ 10 ਸਾਲਾਂ ਤੋਂ ਪੈਰੋਲ ਉਤੇ ਆ ਰਹੇ ਹਨ। ਭਾਈ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਗੁਜਰਾਤ ਚੋਣਾਂ ਵਿੱਚ ਲਾਭ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਾਈ ਗੁਰਮੀਤ ਸਿੰਘ ਰਿਹਾਈ ਨੂੰ ਲੈ ਕੇ ਸਿਆਸਤ ਕਰ ਰਹੀ ਹੈ।

ਇਹ ਵੀ ਪੜ੍ਹੋ : ਹਰਜੋਤ ਸਿੰਘ ਬੈਂਸ ਵੱਲੋਂ ਜਾਤ ਅਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ

ਕਾਬਿਲੇਗੌਰ ਹੈ ਕਿ ਪੰਜਾਬ ਦੇ 25 ਗੁਰਦੁਆਰਿਆਂ ਵਿੱਚ ਦਸਤਖਤ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿੱਥੇ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਨੇ ਪਹੁੰਚ ਕੇ ਇਸ ਮੁਹਿੰਮ ਵਿੱਚ ਹਿੱਸਾ ਲਿਆ । ਦਸਤਖਤੀ ਮੁਹਿੰਮ ਦਾ ਹਿੱਸਾ ਬਣਦਿਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਦਸਤਖਤੀ ਮੁਹਿੰਮ ਵਾਲਾ ਪ੍ਰੋਫਾਰਮਾ ਭਰਦਿਆਂ ਆਵਾਜ਼ ਬੁਲੰਦ ਕੀਤੀ ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ।

ਰਿਪੋਰਟ-ਗਗਨਦੀਪ ਆਹੂਜਾ

Related Post