Muktsar News : ਧਰਤੀ ਵਿੱਚੋਂ ਸੋਨਾ ਕੱਢਣ ਦੇ ਨਾਮ ’ਤੇ 25 ਲੱਖ ਦੀ ਠੱਗੀ , ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਢੋਂਗੀ ਬਾਬੇ ਦਾ ਕੀਤਾ ਪਰਦਾਫਾਸ਼

Muktsar News : ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਸੁਖਣਾ ਅਬਲੂ ਵਿੱਚ ਢੋਂਗੀ ਬਾਬੇ ਦਾ ਸੱਚ ਸਾਹਮਣੇ ਆ ਗਿਆ। ਧਰਤੀ ਵਿੱਚੋਂ ਸੋਨਾ ਕੱਢਣ ਦੇ ਨਾਮ ’ਤੇ ਇੱਕ ਪਰਿਵਾਰ ਜਿਸ ਨਾਲ ਬਾਬੇ ਨੇ ਰਿਸ਼ਤੇਦਾਰੀ ਬਣਾਈ ਹੋਈ ਸੀ ਜਿਸ ਨੂੰ ਬਾਬਾ ਭੈਣ ਕਹਿੰਦਾ ਸੀ ਉਸ ਨਾਲ ਹੀ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰੀ ਤੇ ਬਾਬੇ ਦਾ ਪਰਦਾਫਾਸ਼ ਕੀਤਾ ਗਿਆ।ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਢੋਂਗੀ ਬਾਬਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੋਰ ਵੱਡਾ ਕਾਲਾ ਚਿਹਰਾ ਬੇਨਕਾਬ ਕੀਤਾ ਗਿਆ

By  Shanker Badra October 28th 2025 05:22 PM -- Updated: October 28th 2025 05:24 PM

Muktsar News : ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਸੁਖਣਾ ਅਬਲੂ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਇੱਕ ਢੋਂਗੀ ਬਾਬੇ ਦਾ ਵੱਡਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਢੋਂਗੀ ਬਾਬਾ ਇਕ ਪਰਿਵਾਰ ਜਿਸ ਨਾਲ ਉਸਨੇ ਰਿਸ਼ਤੇਦਾਰੀ ਬਣਾਈ ਹੋਈ ਸੀ ਤੇ ਘਰ ਦੀ ਮਾਲਕਣ ਨੂੰ ਭੈਣ ਕਹਿੰਦਾ ਸੀ ਨੂੰ ਇਹ ਕਹਿ ਕੇ ਭੁਲੇਖੇ ਵਿੱਚ ਰੱਖ ਰਿਹਾ ਸੀ ਕਿ ਉਹ ਧਰਤੀ ਵਿੱਚੋਂ ਸੋਨਾ ਕੱਢ ਕੇ ਦੇਵੇਗਾ ਅਤੇ ਉਹਨਾਂ ਦੇ ਘਰਾਂ ਧਰਤੀ ਹੇਠਾਂ ਪੀਰਾਂ ਦੀ ਜਗ੍ਹਾ ਨਿਕਲੀ ਹੋਈ ਹੈ। ਇੱਕ ਭੋਲਾ ਭਾਲਾ ਪਰਿਵਾਰ ਇਸ ਧੋਖੇ ਦਾ ਸ਼ਿਕਾਰ ਹੋ ਗਿਆ ਅਤੇ ਬਾਬੇ ਨੇ ਥੋੜ੍ਹੇ ਥੋੜ੍ਹੇ ਕਰਕੇ ਉਸ ਪਰਿਵਾਰ ਤੋਂ ਕਰੀਬ 25 ਲੱਖ ਰੁਪਏ ਲੈ ਲਏ।

ਇਹ ਢੋਂਗੀ ਬਾਬਾ ਬਾਜ਼ਾਰ ਤੋਂ ਗਿਲਟ ਦੇ ਨਕਲੀ ਗਹਿਣੇ ਖਰੀਦ ਕੇ ਪਹਿਲਾਂ ਧਰਤੀ ਵਿੱਚ ਦੱਬ ਦਿੰਦਾ ਸੀ, ਫਿਰ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦਾ ਸੀ ਕਿ ਇਹ ਸੋਨਾ ਧਰਤੀ ਵਿੱਚੋਂ ਨਿਕਲਿਆ ਹੈ। ਇਸ ਤਰੀਕੇ ਨਾਲ ਉਸਨੇ ਪਰਿਵਾਰ ਨੂੰ ਅੰਧ ਵਿਸ਼ਵਾਸ ਵਿੱਚ ਫਸਾ ਕੇ ਪੈਸਾ ਠੱਗ ਲਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਮੌਕੇ ’ਤੇ ਪਹੁੰਚੇ ਅਤੇ ਕੈਮਰੇ ਦੇ ਸਾਹਮਣੇ ਢੋਂਗੀ ਬਾਬੇ ਨੂੰ ਸੱਚ ਬੋਲਣ ’ਤੇ ਮਜਬੂਰ ਕੀਤਾ।

ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਬਾਬੇ ਨੇ ਆਪ ਮੰਨਿਆ ਕਿ ਕੋਈ ਸੋਨਾ ਨਹੀਂ ਨਿਕਲਿਆ ਸੀ, ਸਾਰਾ ਡਰਾਮਾ ਉਸ ਨੇ ਆਪ ਹੀ ਰਚਿਆ ਸੀ। ਬਾਬੇ ਨੇ ਕਬੂਲਿਆ ਕਿ ਉਸਨੇ ਪਰਿਵਾਰ ਤੋਂ ਹੁਣ ਤੱਕ ਕਰੀਬ 15 ਲੱਖ ਰੁਪਏ ਨਕਦ ਲੈ ਲਏ ਸਨ, ਜੋ ਵਿਆਜ ਸਮੇਤ 25 ਲੱਖ ਰੁਪਏ ਬਣਦੇ ਹਨ। ਪਰਿਵਾਰ ਨੇ ਵੀ ਕੈਮਰੇ ਸਾਹਮਣੇ ਦੱਸਿਆ ਕਿ ਉਹਨਾਂ ਨੇ ਇਸ ਢੋਂਗੀ ਬਾਬੇ ਨੂੰ ਲਗਾਤਾਰ ਪੈਸੇ ਦਿੱਤੇ ਸਨ ਪਰ ਜਦੋਂ ਹਕੀਕਤ ਸਾਹਮਣੇ ਆਈ ਤਾਂ ਉਹ ਹੈਰਾਨ ਰਹਿ ਗਏ।

ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਈ ਢੋਂਗੀ ਬਾਬੇ ਲੋਕਾਂ ਦੇ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ ਅਤੇ ਅੰਧ ਵਿਸ਼ਵਾਸ ਫੈਲਾ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਠੱਗ ਰਹੇ ਹਨ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਢੋਂਗੀਆਂ ਤੋਂ ਸਾਵਧਾਨ ਰਹੋ ਅਤੇ ਅਜਿਹੇ ਕਿਸੇ ਵੀ ਮਾਮਲੇ ਦੀ ਸੂਚਨਾ ਤੁਰੰਤ ਦਿਓ ਤਾਂ ਜੋ ਉਹਨਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। 

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼

Related Post