ਰੇਲਵੇ ਸਟੇਸ਼ਨ ਦੇ ਉਦਘਾਟਨ ਤੋਂ ਬਾਅਦ ਵਿਗੜੀ ਹਾਲਤ, ਠੇਕੇਦਾਰ ਨੂੰ ਜੁਰਮਾਨਾ

Ayodhya Railway Station: ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਸਟੇਸ਼ਨ ਦੀ ਹਾਲਤ ਨੂੰ ਦਰਸਾਉਂਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੇਲਵੇ ਨੇ ਸ਼ੁੱਕਰਵਾਰ ਨੂੰ ਸਟੇਸ਼ਨ ਦੇ ਸਫਾਈ ਠੇਕੇਦਾਰ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਸਟੇਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ 2023 ਨੂੰ ਕੀਤਾ ਸੀ। ਇਸ ਦੇ ਉਦਘਾਟਨ ਤੋਂ ਦੋ ਮਹੀਨੇ ਬਾਅਦ ਹੀ ਸਟੇਸ਼ਨ ਦੀ ਖਸਤਾ ਹਾਲਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਅਯੁੱਧਿਆ ਸਟੇਸ਼ਨ 'ਤੇ ਲੱਗੇ ਕੂੜੇ ਦੇ ਢੇਰ
ਮੁੱਖ ਸਟੇਸ਼ਨ ਦੀ ਇਮਾਰਤ ਤੱਕ ਕੱਚੀਆਂ ਸੜਕਾਂ ਹਨ, ਜਿੱਥੇ ਕਈ ਕੋਨਿਆਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸਟੇਸ਼ਨ ਦੇ ਵੇਟਿੰਗ ਰੂਮ ਦਾ ਵੀ ਦੌਰਾ ਕੀਤਾ ਅਤੇ ਕਿਹਾ, "ਇਹ ਬਹੁਤ ਗੰਦਾ ਹੈ...ਇਸ ਤੋਂ ਬਹੁਤ ਅਜੀਬ ਬਦਬੂ ਆ ਰਹੀ ਹੈ।" ਇਸ ਵੀਡੀਓ ਨੂੰ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਹੈ। ਉੱਤਰੀ ਰੇਲਵੇ ਲਖਨਊ ਡਿਵੀਜ਼ਨ ਨੇ ਸਟੇਸ਼ਨ ਦੇ ਸਫਾਈ ਠੇਕੇਦਾਰ 'ਤੇ ਜੁਰਮਾਨਾ ਵੀ ਲਗਾਇਆ ਹੈ।
ਕੀਤੀ ਗਈ ਸਟੇਸ਼ਨ ਦੀ ਸਫਾਈ
ਬਾਅਦ ਵਿੱਚ ਸਾਹਮਣੇ ਆਈਆਂ ਸਟੇਸ਼ਨ ਦੀਆਂ ਤਸਵੀਰਾਂ ਵਿੱਚ ਸਫਾਈ ਹੁੰਦੀ ਦਿਖਾਈ ਦਿੱਤੀ। ਚਾਰੇ ਪਾਸੇ ਇਕੱਠਾ ਹੋਇਆ ਕੂੜਾ ਹਟਾ ਦਿੱਤਾ ਗਿਆ ਹੈ। ਭਾਰਤੀ ਰੇਲਵੇ ਨੇ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦੇ ਰੇਲਵੇ ਸਟੇਸ਼ਨ ਦਾ ਨਾਮ "ਅਯੁੱਧਿਆ ਜੰਕਸ਼ਨ" ਤੋਂ ਬਦਲ ਕੇ "ਅਯੁੱਧਿਆ ਧਾਮ" ਕਰ ਦਿੱਤਾ ਸੀ। 30 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਟੇਸ਼ਨ ਦੇ ਉਦਘਾਟਨ ਤੋਂ ਪਹਿਲਾਂ ਨਾਮਕਰਨ ਕੀਤਾ ਗਿਆ ਸੀ।