Sri Akal Takht Sahib : ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਮਲੀ ਦਾ ਨਵਾਂ ਬੂਟਾ ਲਾਇਆ, ਜਾਣੋ ਸਿੱਖ ਇਤਿਹਾਸ 'ਚ ਖਾਸੀਅਤ
Imli Tree in Sikh history : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਮਲੀ ਦਾ ਨਵਾਂ ਬੂਟਾ ਮੁੜ ਤੋਂ ਲਗਾਇਆ ਗਿਆ। ਦਰਅਸਲ ਇਮਲੀ ਦਾ ਇਹ ਬੂਟਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ-ਉੱਚਤਾ ਦਾ ਪ੍ਰਤੀਕ ਹੈ ਕਿਉਂਕਿ ਪੁਰਾਤਨ ਸਮੇਂ ਵੇਲੇ ਇਮਲੀ ਦੇ ਇਸ ਬੂਟੇ ਦੇ ਨਾਲ ਬੰਨ ਕੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਨੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ।
ਦੇਸ਼-ਵਿਦੇਸ਼ਾਂ ਤੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀਆਂ ਦੀ ਆਸਥਾ ਇਤਿਹਾਸਿਕ ਬੇਰੀਆਂ ਅਤੇ ਇਸ ਇਮਲੀ ਦੇ ਬੂਟੇ ਦੇ ਨਾਲ ਜੁੜੀ ਹੋਣ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਇਨ੍ਹਾਂ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਰਹਿੰਦੀ ਹੈ, ਪਰ ਜੂਨ 1984 'ਚ ਜਿਸ ਵੇਲੇ ਫੌਜੀ ਹਮਲਾ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਹੋਇਆ ਤਾਂ ਉਸ ਵੇਲੇ ਇਮਲੀ ਦਾ ਇਤਿਹਾਸਿਕ ਬੂਟਾ ਵੀ ਨਸ਼ਟ ਹੋ ਗਿਆ। ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕੀਤੀ ਗਈ ਨਵੀਂ ਇਮਾਰਤ ਤਿਆਰ ਕੀਤੀ ਗਈ, ਜਿਸ ਦੌਰਾਨ ਇਮਲੀ ਦਾ ਇੱਕ ਨਵਾਂ ਬੂਟਾ ਵੀ ਲਗਾਇਆ ਗਿਆ ਪਰ ਸਮੇਂ ਦੇ ਨਾਲ-ਨਾਲ ਸਿਉਂਕ ਅਤੇ ਕੀੜਿਆਂ ਦੇ ਚਲਦਿਆਂ ਉਹ ਬੂਟਾ ਕੁਝ ਸਮਾਂ ਪਹਿਲਾਂ ਖਰਾਬ ਹੋ ਚੁੱਕਿਆ ਸੀ।
ਹੁਣ ਖੇਤੀਬਾੜੀ ਮਾਹਰਾਂ ਦੀ ਮਦਦ ਦੇ ਨਾਲ ਮਿੱਟੀ ਬਦਲੀ ਗਈ ਅਤੇ ਔਰਗੈਨਿਕ ਖਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਹੁਣ ਇਹ ਇਮਲੀ ਦਾ ਇੱਕ ਨਵਾਂ ਬੂਟਾ ਲਗਾਇਆ ਗਿਆ, ਜੋ ਜਲਦ ਹੀ ਹਰਿਆ ਭਰਿਆ ਹੋਣ ਦੀ ਆਸ ਹੈ। ਖੇਤੀਬਾੜੀ ਮਾਹਰਾਂ ਦੇ ਵੱਲੋਂ ਇਸ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਲੱਗੀਆਂ ਬੇਰੀਆਂ ਜਾਂ ਇਸ ਇਮਲੀ ਦੇ ਬੂਟੇ ਦੇ ਨਾਲ ਸੰਗਤ ਦੀ ਸ਼ਰਧਾ ਭਾਵਨਾ ਜੁੜੀ ਹੈ।
- PTC NEWS