ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਵੱਡਾ ਬਿਆਨ, 'ਜਲਦ ਸ਼ੁਰੂ ਹੋਣਗੀਆਂ ਕੈਨੇਡਾ ਦੀਆਂ ਵੀਜ਼ਾ ਸੇਵਾਵਾਂ’

By  Shameela Khan October 23rd 2023 02:57 PM -- Updated: October 23rd 2023 03:03 PM

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਭਾਰਤ ਕੈਨੇਡਾ ‘ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਵਿਚ ‘ਪੁਖਤਾ ਸੁਧਾਰ’ ਦੇਖਦਾ ਹੈ, ਤਾਂ ਉਹ ‘ਬਹੁਤ ਜਲਦੀ’ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ‘ਤੇ ਵਿਚਾਰ ਕਰ ਸਕਦਾ ਹੈ। ਜੈਸ਼ੰਕਰ ਨੇ ਹਾਲਾਂਕਿ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਦੇ ਨਾਲ ਕੂਟਨੀਤਕ ਮੌਜੂਦਗੀ ਵਿੱਚ ਸਮਾਨਤਾ ਨੂੰ ਯਕੀਨੀ ਬਣਾਉਣ ਦਾ ਨਵੀਂ ਦਿੱਲੀ ਦਾ ਫੈਸਲਾ ਵਿਏਨਾ ਕਨਵੈਨਸ਼ਨ ਦੇ ਅਨੁਸਾਰ ਹੈ।


ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਦੇਸ਼ ’ਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਆਪਣੀ ਕੈਨੇਡਾ ਵਿਚਲੀ ਮੌਜੂਦਗੀ ਦੇ ਬਰਾਬਰ ਰੱਖਣ ਦੀ ਤਜਵੀਜ਼ ਇਸ ਲਈ ਲਾਗੂ ਕੀਤੀ ਕਿਉਂਕਿ ਨਵੀਂ ਦਿੱਲੀ ਆਪਣੇ ਮਾਮਲਿਆਂ ’ਚ ਕੈਨੇਡੀਅਨ ਡਿਪਲੋਮੈਟਾਂ ਦੇ ਦਖਲ ਤੋਂ ਫਿਕਰਮੰਦ ਸੀ। ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਜੇਕਰ ਭਾਰਤ ਨੂੰ ਕੈਨੇਡਾ ਵਿਚਲੇ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਬਾਰੇ ਤਸੱਲੀ ਹੁੰਦੀ ਹੈ ਤਾਂ ਇਹ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਆਰੰਭ ਸਕਦਾ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਫਿਲਹਾਲ ਔਖੇ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਕੈਨੇਡੀਅਨ ਸਿਆਸਤ ਦੇ ਕੁਝ ਪੱਖਾਂ ਨਾਲ ਸਮੱਸਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਪਿਛਲੇ ਮਹੀਨੇ ਲਾਏ ਦੋਸ਼ਾਂ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧ ਵਿਗੜ ਗਏ ਸਨ। ਉਨ੍ਹਾਂ ਕਿਹਾ ਸੀ ਕਿ ਜੂਨ ’ਚ ਹੋਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵੀ ਸ਼ਮੂਲੀਅਤ’ ਸੀ। ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਸੀ।


Related Post