Beas River Overflow : ਬਿਆਸ ਦਰਿਆ ਦੀ ਮਾਰ ਹੇਠ ਆਏ ਗੋਇੰਦਵਾਲ ਦੇ ਕਿਸਾਨ, 4500 ਏਕੜ ਜ਼ਮੀਨ ਚ ਵੜਿਆ ਪਾਣੀ

Beas River Overflow : ਕਿਸਾਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਉਨ੍ਹਾਂ ਵੱਲੋਂ ਬੀਜੀਆਂ ਹੋਈਆਂ ਫਸਲਾਂ ਤਬਾਹ ਹੋ ਕੇ ਰਹਿ ਗਈਆਂ ਹਨ, ਉਥੇ ਹੀ ਉਨ੍ਹਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਅਤੇ ਇੰਜਨ ਵੀ ਪਾਣੀ ਦੀ ਭੇਟ ਚੜ੍ਹ ਗਏ ਹਨ।

By  KRISHAN KUMAR SHARMA August 17th 2025 12:32 PM -- Updated: August 17th 2025 01:26 PM

Beas River Overflow : ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਆਸ ਦਰਿਆ ਵਿੱਚ ਪੋਂਗ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਤਰਨਤਾਰਨ ਅਤੇ ਕਪੂਰਥਲੇ ਜ਼ਿਲ੍ਹੇ ਦੇ ਮੰਡ ਖੇਤਰ ਦੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਜੇ ਗੱਲ ਕੀਤੀ ਜਾਵੇ ਤਾਂ ਬਿਆਸ ਦੇ ਪਾਣੀ ਕਾਰਨ ਗੋਇੰਦਵਾਲ ਸਾਹਿਬ ਮੰਡ ਖੇਤਰ ਦੇ ਪਿੰਡ ਧੂੰਦਾ, ਮਿਆਣੀ ਅਤੇ ਗੋਇੰਦਵਾਲ ਸਾਹਿਬ ਦੀ 4500 ਏਕੜ ਦੇ ਕਰੀਬ ਜ਼ਮੀਨ ਵਿੱਚ ਬੀਜੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਏ ਫਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਤੇ ਚਿਹਰੇ ਮੁਰਝਾਏ ਹੋਏ ਹਨ।

ਕਿਸਾਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਉਨ੍ਹਾਂ ਵੱਲੋਂ ਬੀਜੀਆਂ ਹੋਈਆਂ ਫਸਲਾਂ ਤਬਾਹ ਹੋ ਕੇ ਰਹਿ ਗਈਆਂ ਹਨ, ਉਥੇ ਹੀ ਉਨ੍ਹਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਅਤੇ ਇੰਜਨ ਵੀ ਪਾਣੀ ਦੀ ਭੇਟ ਚੜ੍ਹ ਗਏ ਹਨ। ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਪਾਣੀ ਦੀ ਮਾਰ ਝੱਲ ਰਹੇ ਹਨ, ਲੇਕਿਨ ਸਰਕਾਰ ਦੇ ਕਿਸੇ ਮੰਤਰੀ-ਸੰਤਰੀ ਵੱਲੋਂ ਉਨ੍ਹਾਂ ਕੋਲ ਪਹੁੰਚ ਕੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਗਈ ਹੈ।

ਪੀੜਤ ਕਿਸਾਨਾਂ ਨੇ ਦੱਸਿਆ ਕਿ ਜਦੋਂ ਦੇ ਉਹ ਪੈਦਾ ਹੋਏ ਹਨ, ਤਕਰੀਬਨ ਹਰ ਸਾਲ ਉਨ੍ਹਾਂ ਨੂੰ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਕਰਜਾਈ ਹੋ ਗਏ ਹਨ। ਕਿਸਾਨਾਂ ਨੇ ਆਏ ਸਾਲ ਦਰਿਆਈਂ ਪਾਣੀ ਨਾਲ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਵੇਚਣ ਦੀ ਪੇਸ਼ਕਸ਼ ਕੀਤੀ ਹੈ।

ਕਿਸਾਨਾਂ ਨੇ ਕਿਹਾ ਕਿ ਸਰਕਾਰ ਜੋ ਲੈਂਡ ਪੂਲਿੰਗ ਪੋਲਸੀ ਤਹਿਤ ਸ਼ਹਿਰਾਂ ਦੇ ਨੇੜਲੀ ਜ਼ਮੀਨ ਖ਼ਰੀਦਣ ਚਾਹੁੰਦੀ ਹੈ ਉਸਦੀ ਜਗ੍ਹਾ ਉਨ੍ਹਾਂ ਦੀ ਇਹ ਜ਼ਮੀਨ ਖਰੀਦ ਲਵੇ, ਜਿਸ ਨਾਲ ਆਏ ਸਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਦਾ ਬਚਾਅ ਹੋ ਸਕੇ। ਪੀੜਤ ਕਿਸਾਨਾਂ ਵੱਲੋਂ ਸਰਕਾਰ ਕੋਲੋਂ ਆਪਣੀਆਂ ਫ਼ਸਲਾਂ ਦੇ ਹੋਏ ਨੁਕਸਾਨ ਲਈ ਘੱਟੋ ਘੱਟ 50 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।

Related Post